50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਪਟਵਾਰੀ ਅਤੇ ਤਹਿਸੀਲਦਾਰ ਦਾ ਰੀਡਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਭੀਜੋਤ ਸਿੰਘ ਅਤੇ ਗੁਰਵਿੰਦਰ ਸਿੰਘ ਵਿਰੁਧ ਵਿਜੀਲੈਂਸ ਨੇ ਕੀਤੀ ਕਾਰਵਾਈ

VIGILANCE BUREAU NABS PATWARI, READER OF TEHSILDAR FOR ACCEPTING BRIBE OF RS.50K

 

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਤਰਨ ਤਾਰਨ ਜ਼ਿਲ੍ਹੇ ਦੀ ਸਬ-ਤਹਿਸੀਲ ਝਬਾਲ ਵਿਖੇ ਤਾਇਨਾਤ ਪਟਵਾਰੀ ਅਭੀਜੋਤ ਸਿੰਘ ਅਤੇ ਤਹਿਸੀਲਦਾਰ ਦੇ ਰੀਡਰ ਗੁਰਵਿੰਦਰ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਟਵਾਰੀ ਅਤੇ ਰੀਡਰ ਨੂੰ ਅਵਤਾਰ ਸਿੰਘ ਵਾਸੀ ਪਿੰਡ ਸਵਰਗਾਪੁਰੀ ਜ਼ਿਲ੍ਹਾ ਤਰਨ ਤਾਰਨ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਸ਼ਿਕਾਇਤਕਰਤਾ ਅਵਤਾਰ ਸਿੰਘ ਨੇ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੀ ਤਰਨ ਤਾਰਨ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁਲਜ਼ਮ ਪਟਵਾਰੀ ਅਤੇ ਰੀਡਰ ਨੇ ਝਬਾਲ ਦੇ ਤਹਿਸੀਲਦਾਰ ਵੱਲੋਂ 25 ਮਈ, 2023 ਨੂੰ ਮੁਸ਼ਤਰਕਾ ਖਾਤਾ (ਸਾਂਝੇ ਖਾਤੇ) ਜ਼ਮੀਨ ਦੇ ਮਾਮਲੇ ਵਿਚ ਪਾਸ ਕੀਤੇ ਹੁਕਮਾਂ ਦੇ ਅਮਲ ਨੂੰ ਇਕ ਮਹੀਨੇ ਲਈ ਰੋਕਣ ਬਦਲੇ ਉਸ ਤੋਂ 1 ਲੱਖ ਰੁਪਏ ਰਿਸ਼ਵਤ ਮੰਗੀ ਹੈ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਗੁਰਮੇਜ ਸਿੰਘ ਅਤੇ ਪਲਵਿੰਦਰ ਸਿੰਘ ਨੇ 2019 ਵਿੱਚ ਤਹਿਸੀਲਦਾਰ ਝਬਾਲ ਦੇ ਦਫ਼ਤਰ ਵਿਖੇ 68 ਕਨਾਲ ਸਾਂਝੇ ਖਾਤੇ (ਮੁਸ਼ਤਰਕਾ ਖਾਤਾ) ਵਾਲੀ ਜ਼ਮੀਨ ਦੀ ਤਕਸੀਮ ਲਈ ਦਰਖ਼ਾਸਤ ਦਿੱਤੀ ਸੀ ਅਤੇ ਇਸ ਮਾਮਲੇ ਵਿੱਚ ਉਸ ਦਾ ਪੱਖ ਸੁਣੇ ਬਗ਼ੈਰ ਤਹਿਸੀਲਦਾਰ ਨੇ 25 ਮਈ, 2023 ਨੂੰ ਗੁਰਮੇਜ ਸਿੰਘ ਅਤੇ ਹੋਰਨਾਂ ਦੇ ਹੱਕ ਵਿੱਚ ਫ਼ੈਸਲਾ ਕਰ ਦਿੱਤਾ। ਇਸ ਫ਼ੈਸਲੇ ਤੋਂ ਬਾਅਦ ਗੁਰਮੇਜ ਸਿੰਘ ਨੇ ਪਟਵਾਰੀ ਅਭੀਜੋਤ ਸਿੰਘ ਨਾਲ ਮਿਲੀਭੁਗਤ ਕਰਕੇ 7 ਕਨਾਲ 14 ਮਰਲੇ ਵਾਧੂ ਜ਼ਮੀਨ ਲੈ ਲਈ ਅਤੇ ਜਦੋਂ ਸ਼ਿਕਾਇਤਕਰਤਾ ਨੇ ਪਟਵਾਰੀ ਅਤੇ ਤਹਿਸੀਲਦਾਰ ਦੇ ਰੀਡਰ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਤਹਿਸੀਲਦਾਰ ਦੇ ਹੁਕਮ 'ਤੇ ਇੱਕ ਮਹੀਨੇ ਤੱਕ ਅਮਲ ਰੋਕਣ ਲਈ ਉਸ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ।

 

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟ੍ਰੈਪ ਲਗਾ ਕੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਕਾਬੂ ਕਰ ਲਿਆ।

 

ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵਿਖੇ ਪਟਵਾਰੀ ਅਤੇ ਤਹਿਸੀਲਦਾਰ ਦੇ ਰੀਡਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।