ਪੰਜਾਬ ’ਚ ਜਾਅਲੀ ਜ਼ਮਾਨਤਾਂ ਕਰਵਾਉਣ ਵਾਲਾ ਗਰੋਹ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਗਰੋਹ ਦੇ 8 ਮੈਂਬਰ ਗ੍ਰਿਫ਼ਤਾਰ

Gang involved in fake bails arrested in Punjab

ਪੰਜਾਬ ਵਿਚ ਆਏ ਦਿਨ ਅਪਰਾਧਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੇ ਸ਼ਰੇਆਮ ਕਿਸੇ ਨੂੰ ਹਥਿਆਰਾਂ ਦੀ ਨੌਕ ’ਤੇ ਲੁੱਟ ਲਿਆ ਜਾਂਦਾ ਹੈ ਜਾਂ ਫਿਰ ਸ਼ਰੇਆਮ ਗੋਲੀ ਮਾਰ ਦਿਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬ ਵਿਚ ਵਿਚ ਜਾਅਲੀ ਦਸਤਾਵੇਜ਼ਾਂ ਰਾਹੀਂ ਜ਼ਮਾਨਤਾਂ ਕਰਵਾਈਆਂ ਜਾਂਦੀਆਂ ਸਨ। ਜਿਸ ਦਾ ਪੰਜਾਬ ਪੁਲਿਸ ਨੇ ਪਰਦਾਫ਼ਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਜਾਅਲੀ ਦਸਤਾਵੇਜ਼ਾਂ ਰਾਹੀਂ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਰੋਹ ਦੇ 8 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ । ਐਸ.ਪੀ. (ਐਚ) ਦਿਲਪ੍ਰੀਤ ਸਿੰਘ ਨੇ ਦਸਿਆ ਕਿ ਇਸ ਗਰੋਹ ਦੇ ਮੈਂਬਰ ਹੁਣ ਤਕ 40 ਤੋਂ ਵਧੇਰੇ ਜ਼ਮਾਨਤਾਂ ਕਰਵਾ ਚੁੱਕੇ ਹਨ ।

ਸਰਤਾਜ ਸਿੰਘ ਚਹਿਲ, ਜ਼ਿਲ੍ਹਾ ਪੁਲੀਸ ਮੁਖੀ, ਸੰਗਰੂਰ ਦੀ ਰਹਿਨੁਮਾਈ ਹੇਠ ਦਿਲਪ੍ਰੀਤ ਸਿੰਘ ਆਈ.ਪੀ.ਐਸ, ਕਪਤਾਨ ਪੁਲਿਸ (ਸਥਾਨਕ) ਸੰਗਰੂਰ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁਧ ਦੌਰਾਨ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿੱਢੀ ਮੁਹਿਮ ਦੌਰਾਨ ਸੰਗਰੂਰ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਦਵਿੰਦਰ ਅੱਤਰੀ ਐਸ.ਪੀ. (ਡੀ) ਸੰਗਰੂਰ, ਸੁਖਦੇਵ ਸਿੰਘ ਡੀ.ਐਸ. ਪੀ. (ਆਰ) ਦੇ ਦਿਸ਼ਾ ਨਿਰਦੇਸਾਂ ਹੇਠ, ਥਾਣੇ ਅਵਤਾਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਨੂੰ ਮਿਤੀ 24.06.25 ਨੂੰ ਇਤਲਾਹ ਮਿਲੀ ਕਿ ਰਾਜਵੀਰ ਸਿੰਘ ਵਾਸੀ ਪਿੰਡ ਚੀਮਾਂ, ਹਰਦੀਪ ਸਿੰਘ ਵਾਸੀ ਪਿੰਡ ਚੀਮਾਂ ਅਤੇ ਸੁਖਵਿੰਦਰ ਸਿੰਘ ਉਰਫ ਬਿੱਲਾ ਵਾਸੀ ਧਰਮਪੁਰਾ ਮੁਹੱਲਾ ਧੂਰੀ, ਕੁਝ ਵਕੀਲਾਂ ਜਾਂ ਉਨ੍ਹਾਂ ਦੇ ਮੁਨਸ਼ੀਆਂ ਨਾਲ ਸ਼ਾਜਬਾਜ ਹੋ ਕੇ ਕਥਿਤ ਦੋਸ਼ੀਆਂ ਤੋਂ ਮੋਟੀ ਰਕਮ ਵਕੀਲਾਂ ਨੂੰ ਦਿਵਾ ਕੇ ਉਸ ਵਿਚੋਂ ਆਪ ਹਿੱਸਾ ਲੈ ਕੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਨਸ਼ੇ ਦੀ ਸਮੱਗਲਿੰਗ ਦੇ ਕਥਿਤ ਦੋਸ਼ੀਆਂ ਦੀਆਂ ਵੱਖ-ਵੱਖ ਅਦਾਲਤਾਂ ਵਿਚ ਜਾਅਲੀ ਜ਼ਮਾਨਤਾ ਕਰਵਾਉਂਦੇ ਹਨ, ਜਿਸ ਸਬੰਧੀ ਮੁੱਖ ਅਫ਼ਸਰ ਥਾਣਾ ਸਿਟੀ 1 ਸੰਗਰੂਰ ਵਲੋਂ ਮੁਕਦਮਾ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਤਫ਼ਤੀਸ਼ ਤੇਜ਼ੀ ਨਾਲ ਅਮਲ ਵਿਚ ਲਿਆ ਕੇ ਮਿਤੀ 24.06.2025 ਨੂੰ ਹੀ ਕਥਿਤ ਦੋਸ਼ੀਆਂ ਰਾਜਵੀਰ ਸਿੰਘ, ਹਰਦੀਪ ਸਿੰਘ ਚੀਮਾਂ ਉਕਤਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ, ਪੁੱਛ ਗਿੱਛ ’ਤੇ ਸਾਹਮਣੇ ਆਇਆ ਕਿ ਉਨ੍ਹਾਂ ਵਲੋਂ ਦੋਸ਼ੀਆਂ ਦੀਆਂ ਜਾਅਲੀ ਜ਼ਮਾਨਤਾਂ ਕਰਵਾਉਣ ਸਬੰਧੀ ਇਕ ਵੱਡਾ ਗਰੋਹ ਬਣਾਇਆ ਹੋਇਆ ਹੈ, ਜਿਸ ਵਿਚ ਇਨ੍ਹਾਂ ਤਿੰਨਾਂ ਕਥਿਤ ਦੋਸ਼ੀਆਨ ਤੋਂ ਇਲਾਵਾ ਬਲਜੀਤ ਸਿੰਘ ਉਰਫ ਗਿਰੀ ਵਾਸੀ ਸ਼ਿਵਮ ਕਲੋਨੀ ਸੰਗਰੂਰ, ਸੁਰਜੀਤ ਸਿੰਘ ਵਾਸੀ ਖੰਨਾ, ਮਨਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀਆਨ ਕਾਂਝਲਾ, ਮੋਹਿਤ ਕੁਮਾਰ ਉਰਫ ਮੋਤੀ ਵਾਸੀ ਮਾਧੋਪੁਰੀ ਮੁਹੱਲਾ ਧੂਰੀ ਅਤੇ ਮਨਪ੍ਰੀਤ ਸਿੰਘ ਉਰਫ ਸਨੀ ਵਾਸੀ ਧਰਮਪੁਰਾ ਮੁਹੱਲਾ ਧੂਰੀ ਵੀ ਸ਼ਾਮਲ ਹਨ, ਜਿਸ ਦੇ ਅਧਾਰ ਪਰ ਕਥਿਤ ਦੋਸ਼ੀਆਨ ਉਕਤਾਨ ਨੂੰ ਵੀ ਮੁਕਦਮੇ ਵਿਚ ਦੋਸ਼ੀ ਨਾਮਜ਼ਦ ਕੀਤਾ ਗਿਆ।

ਗ੍ਰਿਫ਼ਤਾਰ ਕਥਿਤ ਦੋਸ਼ੀਆਂ ਰਾਜਵੀਰ ਸਿੰਘ ਅਤੇ ਹਰਦੀਪ ਸਿੰਘ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਪਾਸੋਂ ਹੋਰ ਡੂੰਘਾਈ ਨਾਲ ਕੀਤੀ ਪੁੱਛ ਗਿੱਛ ਦੇ ਅਧਾਰ ਪਰ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ, ਰਾਜਵੀਰ ਸਿੰਘ, ਮੋਹਿਤ ਕੁਮਾਰ ਉਰਫ ਮੋਤੀ ਅਤੇ ਮਨਪ੍ਰੀਤ ਸਿੰਘ ਉਰਫ ਸਨੀ ਉਕਤਾਨ ਦੇ ਜਾਅਲੀ ਨਾਮਾਂ ਦੇ ਅਧਾਰ ਕਾਰਡ ਵਾ ਜ਼ਮਾਨਤੀ ਡਾਕੂਮੈਂਟ ਸੁਰਜੀਤ ਸਿੰਘ ਵਾਸੀ ਖੰਨਾ ਆਪਣੇ ਲੈਪਟਾਪ ਵਿਚ ਤਿਆਰ ਕਰ ਕੇ ਕਥਿਤ ਦੋਸ਼ੀ ਉਕਤਾਨ ਨੂੰ ਵਟਸਐਪ ’ਤੇ ਮੁਹੱਈਆ ਕਰਵਾਉਦਾ ਸੀ, ਫਿਰ ਦੋਸ਼ੀ ਅੱਗੇ ਬਲਜੀਤ ਸਿੰਘ ਉਰਫ ਗੀਰੀ ਵਾਸੀ ਸ਼ਿਵਮ ਕਲੋਨੀ ਸੰਗਰੂਰ ਪਾਸੋਂ ਜਾਅਲੀ ਦਸਤਾਵੇਜ਼ਾਂ ਦੇ ਕਲਰ ਪ੍ਰਿੰਟ ਤਿਆਰ ਕਰਵਾ ਕੇ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਨੂੰ ਜ਼ਮਾਨਤਾ ਕਰਵਾਉਣ ਵਿਚ ਵਰਤਦੇ ਸੀ।

ਮਿਤੀ 26.06.2025 ਨੂੰ ਕਥਿਤ ਦੋਸ਼ੀ ਮੋਹਿਤ ਕੁਮਾਰ ਉਰਫ ਮੋਤੀ, ਮਨਪ੍ਰੀਤ ਸਿੰਘ ਉਰਫ ਸਨੀ, ਬਲਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਲਜੀਤ ਸਿੰਘ ਪਾਸੋਂ ਇਕ ਸੀ.ਪੀ.ਯੂ., ਐਲ.ਸੀ.ਡੀ., ਕੀ-ਬੋਰਡ, ਮਾਊਸ, ਕਲਰਡ ਪ੍ਰਿੰਟਰ, ਲੈਮੀਨੇਟ ਮਸ਼ੀਨ ਬਰਾਮਦ ਕੀਤੇ ਗਏ ਹਨ । ਮਿਤੀ 27.06.2025 ਨੂੰ ਦੋਸ਼ੀ ਸੁਰਜੀਤ ਸਿੰਘ ਵਾਸੀ ਖੰਨਾ ਜੋ ਦੋਸ਼ੀਆਨ ਨੂੰ ਜਾਅਲੀ ਨਾਮਾਂ ਦੇ ਅਧਾਰ ਕਾਰਡ ਬਾ ਸ਼ਨਾਖਤੀ ਕਾਰਡ ਜ਼ਮਾਨਤੀ ਡਾਕੂਮੈਟ ਤਿਆਰ ਕਰ ਕੇ ਦਿੰਦਾ ਸੀ, ਜੋ ਪਹਿਲਾਂ ਹੀ ਹੋਰ ਮੁਕਦਮੇ ਅਧੀਨ ਕੇਂਦਰੀ ਜੇਲ ਲੁਧਿਆਣਾ ਵਿਚ ਬੰਦ ਸੀ, ਨੂੰ ਮਾਣਯੋਗ ਅਦਾਲਤ ਪਾਸੋਂ ਪ੍ਰੋਡਕਸ਼ਨ ਵਰੰਟ ਹਾਸਲ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਥਿਤ ਦੋਸ਼ੀ ਮਨਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਨੰਬਰਦਾਰ ਵਾਸੀਆਨ ਕਾਂਝਲਾ, ਜੋ ਇਨ੍ਹਾਂ ਖਿਲਾਫ ਥਾਣਾ ਸਦਰ ਧੂਰੀ ਵਿਚ ਦਰਜ ਮੁਕੱਦਮਾ ਅਧੀਨ ਬੰਦ ਜ਼ਿਲ੍ਹਾ ਜੇਲ ਸੰਗਰੂਰ ਹਨ, ਨੂੰ ਵੀ ਮਾਣਯੋਗ ਅਦਾਲਤ ਤੋਂ ਪ੍ਰੋਡਕਸ਼ਨ ਵਰੰਟ ਹਾਸਲ ਕਰ ਕੇ ਮਿਤੀ 27.06.2025 ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ।

ਕਥਿਤ ਦੌਸ਼ੀ ਉਕਤਾਨ ਦੀ ਹੁਣ ਤਕ ਦੀ ਪੁੱਛਗਿੱਛ ’ਤੇ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਲੋਂ ਮਿਲ ਕੇ ਮਾਣਯੋਗ ਅਦਾਲਤਾਂ ਸੰਗਰੂਰ, ਧੂਰੀ, ਖੰਨਾ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਖੇ ਕਰੀਬ 40 ਜ਼ਮਾਨਤਾਂ ਕਰਵਾਈਆਂ ਹਨ। ਜਿਨ੍ਹਾਂ ਵਿਚੋਂ ਥਾਣਾ ਸਿਟੀ-1 ਸੰਗਰੂਰ ਦੇ 03 ਦੋਸ਼ੀਆਂ ਦੀਆਂ ਵੀ ਜ਼ਮਾਨਤਾਂ ਕਰਵਾਈਆਂ ਹਨ। ਇਨ੍ਹਾਂ ਤੋਂ 21 ਜਾਅਲੀ ਅਧਾਰ ਕਾਰਡ ਅਤੇ ਦਸਤਾਵੇਜ਼ਾਂ ਦਾ ਪ੍ਰਿੰਟ ਤਿਆਰ ਕਰਨ ਵਾਲੀ ਕੰਪਿਊਟਰ ਅਸੈਸਰੀ ਦੀ ਬਰਾਮਦਗੀ ਕਰਵਾਈ ਗਈ ਹੈ। ਕਥਿਤ ਦੋਸ਼ੀਆਂ ਤੋਂ ਅਜੇ ਹੋਰ ਵੀ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।