'ਆਪ' ਦੇ 4 ਵਿਧਾਇਕਾਂ ਦੀ ਅਯੋਗਤਾ ਦਾ ਮਾਮਲਾ : ਪੇਸ਼ ਹੋਣ ਦੀ 31 ਜੁਲਾਈ ਤਰੀਕ ਹੋਰ ਅੱਗੇ ਟਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਹਿਰਾ, ਬਲਦੇਵ, ਸੰਦੋਆ ਤੇ ਮਾਨਾਸ਼ਾਹੀਆ ਦੇ ਤਨਖ਼ਾਹ ਭੱਤੇ ਜਾਰੀ

Rana K.P. Singh

ਚੰਡੀਗੜ੍ਹ : ਇਕ ਪਾਸੇ ਗੁਆਂਢੀ ਸੂਬੇ, ਰਾਜਸਥਾਨ ਵਿਚ ਕਾਂਗਰਸ ਸਰਕਾਰ ਤੋਂ ਬਾਗ਼ੀ ਹੋਏ ਚੋਟੀ ਦੇ ਨੇਤਾ ਸਚਿਨ ਪਾਇਲਟ ਤੇ ਉਸ ਦੇ ਸਾਥੀ ਵਿਧਾਇਕਾਂ ਵਿਰੁਧ ਐਕਸ਼ਨ ਲੈਣ ਲਈ ਸੱਤਾਧਾਰੀ ਪਾਰਟੀ ਤਰਲੋ ਮੱਛੀ ਹੋ ਰਹੀ ਹੈ ਦੂਜੇ ਪਾਸੇ ਇਹੀ ਪਾਰਟੀ ਦੋ ਤਿਹਾਈ ਤੋਂ ਵੀ ਵੱਧ ਵਿਧਾਇਕਾਂ ਯਾਨੀ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿਚ 80 ਮੈਂਬਰਾਂ ਨਾਲ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ 19 ਮੈਂਬਰਾਂ ਵਿਚੋਂ 4 ਵਿਧਾਇਕਾਂ ਲਈ ਨਰਮ ਰਵਈਆ ਅਪਣਾਅ ਕੇ ਸਪੀਕਰ ਕੋਲ ਪੇਸ਼ੀ ਦੀ ਤਰੀਕ ਅੱਗੇ ਤੋਂ ਅੱਗੇ ਵਧਾਈ ਜਾ ਰਹੀ ਹੈ।

ਭੁੱਲਥ ਹਲਕੇ ਤੋਂ 'ਆਪ' ਦੇ ਟਿਕਟ ਤੋਂ ਜਿਤੇ ਸੁਖਪਾਲ ਸਿੰਘ ਖਹਿਰਾ ਨੇ 2017 ਚੋਣਾਂ ਮਗਰੋਂ ਸਾਲ ਬਾਅਦ ਬਤੌਰ ਵਿਰੋਧੀ ਧਿਰ ਦੇ ਨੇਤਾ ਵਜੋਂ ਕੁੱਝ ਮਹੀਨੇ ਆਨੰਦ ਮਾਣਿਆ ਪਰ ਅਰਵਿੰਦ ਕੇਜਰੀਵਾਲ ਨੇ ਉਸ ਨੂੰ ਲਾਂਭੇ ਕਰ ਕੇ ਹਰਪਾਲ ਚੀਮਾ ਨੂੰ ਇਹ ਰੁਤਬਾ ਦੁਆ ਦਿਤਾ। ਖਹਿਰਾ ਨੇ ਜਨਵਰੀ 2019 ਵਿਚ ਨਵੀਂ 'ਪੰਜਾਬ ਏਕਤਾ ਪਾਰਟੀ' ਬਣਾਈ, ਮਈ ਮਹੀਨੇ ਲੋਕ ਸਭਾ ਚੋਣ ਬਠਿੰਡਾ ਤੋਂ ਲੜੀ ਪਰ ਹਾਰ ਗਏ। ਪਰ ਪਿਛਲੇ 20 ਮਹੀਨੇ ਤੋਂ ਬਤੌਰ ਆਪ ਵਿਧਾਇਕ ਤਨਖ਼ਾਹ ਭੱਤੇ ਲਈ ਜਾ ਰਹੇ ਹਨ।

ਵਿਧਾਨ ਸਭਾ ਸਪੀਕਰ ਕੋਲ 3 ਪਟੀਸ਼ਨਾਂ ਪਿਛਲੇ ਡੇਢ ਸਾਲ ਤੋਂ ਦਰਜ ਹਨ ਜਿਨ੍ਹਾਂ ਵਿਚ ਇਕ ਵਿਰਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਵਲੋਂ ਹੀ ਖਹਿਰਾ ਨੂੰ ਅਯੋਗ ਕਰਾਰ ਦੇਣ ਬਾਰੇ ਹੈ। ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 31 ਜੁਲਾਈ ਭਲਕੇ ਸਵੇਰੇ 11 ਵਜੇ ਸਪੀਕਰ ਕੋਲ ਅਪਣਾ ਪੱਖ ਦਸਣ ਲਈ ਖਹਿਰਾ ਨੇ ਪੇਸ਼ ਹੋਣ ਦੀ ਥਾਂ 'ਸਬ-ਯੂ-ਡਿਸ' ਹੋਣ ਦਾ ਬਹਾਨਾ ਲਾ ਕੇ ਈ ਮੇਲ ਰਹੀਂ ਕਹਿ ਦਿਤਾ ਕਿ ਕੋਰੋਨਾ ਮਹਾਂਮਾਰੀ ਕਰ ਕੇ ਪੇਸ਼ੀ ਦੀ ਤਰੀਕ ਅੱਗੇ ਪਾ ਦਿਤੀ ਜਾਵੇ।

ਅਮਰਜੀਤ ਸਿੰਘ ਸੰਦੋਆ, ਰੋਪੜ ਤੋਂ ਆਪ ਦੇ ਵਿਧਾਇਕ ਪਿਛਲੇ ਸਾਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਸੰਦੋਆ ਵਿਰੁਧ ਅਯੋਗ ਕਰਾਰ ਦੇਣ ਦੀ ਪਟੀਸ਼ਨ ਸਪੀਕਰ ਕੋਲ ਰੋਪੜ ਤੋਂ ਆਪ ਨੇਤਾ ਵਕੀਲ ਦਿਨੇਸ਼ ਚੱਢਾ ਨੇ ਦਰਜ ਕੀਤੀ ਹੋਈ ਹੈ। ਸੰਦੋਆ ਨੂੰ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਭਲਕੇ ਪੇਸ਼ ਹੋਣ ਲਈ ਬੁਲਾਇਆ ਹੈ। ਸੂਤਰਾਂ ਨੇ ਦਸਿਆ ਕਿ ਸਪੀਕਰ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਕਰ ਕੇ ਮਾਸਟਰ ਬਲਦੇਵ ਸਿੰਘ ਜੈਤੋ ਅਤੇ ਨਾਜਰ ਸਿੰਘ ਮਾਨਸ਼ਾਹੀਆ ਸਮੇਤ ਖਹਿਰਾ ਤੇ ਸੰਦੋਆ ਨੂੰ ਵੀ ਅਗਲੀ ਤਰੀਕ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਬਾਅਦ ਵਿਚ ਇਨ੍ਹਾਂ 4 ਵਿਧਾਇਕਾਂ ਨੂੰ ਲਿਖਤੀ ਇਤਲਾਹ ਕਰ ਦਿਤੀ ਜਾਵੇਗੀ।

ਜੈਤੋਂ ਤੋਂ ਆਪ ਵਿਧਾਇਕ ਬਲਦੇਵ ਸਿੰਘ ਨੂੰ ਵੀ ਅਪਣਾ ਪੱਖ ਪੇਸ਼ ਕਰਨ ਲਈ 31 ਜੁਲਾਈ ਤਰੀਕ ਦਿਤੀ ਹੋਈ ਸੀ। ਇਸੇ ਤਰ੍ਹਾ ਨਾਜਰ ਸਿੰਘ ਮਾਨਸ਼ਾਹੀਆ ਮਾਨਸਾ ਤੋਂ ਆਪ ਵਿਧਾਇਕ ਵੀ ਪਿਛਲੇ ਸਾਲ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦੇ ਕੇਸ ਦੀ ਵੀ ਤਰੀਕ 31 ਜੁਲਾਈ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 4 ਵਿਧਾਇਕਾਂ ਵਿਰੁਧ ਪਿਛਲੇ 20-22 ਮਹੀਨਿਆਂ ਤੋਂ ਅਯੋਗਤਾ ਦੇ ਇਹ ਮਾਮਲੇ ਲਟਕੇ ਹੋਏ ਹਨ ਅਤੇ ਲੱਖਾਂ ਕਰੋੜਾਂ ਦਾ ਭਾਰ ਸਰਕਾਰੀ ਖ਼ਜ਼ਾਨੇ 'ਤੇ ਇਨ੍ਹਾਂ ਦੀਆਂ ਤਨਖ਼ਾਹਾਂ, ਭੱਤਿਆਂ, ਮੀਟਿੰਗਾਂ ਤੇ ਵਿਧਾਨ ਸਭਾ ਸੈਸ਼ਨਾਂ ਵਿਚ ਹਾਜ਼ਰੀ ਭਰਨ ਲਈ ਟੀ.ਏ. ਡੀ.ਏ ਦਾ ਪਈ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।