ਪੰਜਾਬ ਸਰਕਾਰ ਨੇ ਪਲਾਜ਼ਮਾ ਦੀ ਖ਼ਰੀਦ/ਵੇਚ 'ਤੇ ਲਾਈ ਰੋਕ, ਆਪ ਨੇ ਰੱਦ ਕੀਤੇ ਸੂਬਾ ਪੱਧਰੀ ਰੋਸ ਮੁਜਾਹਰੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਸਦ ਮੈਂਬਰ ਭਗਵੰਤ ਮਾਨ ਵਲੋਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ

Capt Amrinder Singh

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਦਾਨ 'ਚ ਇਕੱਠੇ ਕੀਤੇ ਪਲਾਜ਼ਮਾਂ (ਬਲੱਡ ਸੈੱਲ) ਦੀ ਕੀਮਤ ਵਸੂਲਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ 31 ਜੁਲਾਈ ਨੂੰ ਸੂਬਾ ਭਰ ਅੰਦਰ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕਰ ਦਿਤਾ ਸੀ। ਹੁਣ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਪਲਾਜ਼ਮਾਂ ਦੀ ਕਿਸੇ ਵੀ ਤਰ੍ਹਾਂ ਖ਼ਰੀਦੋ-ਫ਼ਰੋਖਤ 'ਤੇ ਰੋਕ ਲਾਉਂਦਿਆਂ ਲੋੜਵੰਦਾਂ ਨੂੰ ਪਲਾਜ਼ਮਾ ਮੁਫ਼ਤ 'ਚ ਮੁਹੱਈਆ ਕਰਵਾਉਣ ਦਾ ਐਲਾਨ ਕਰ ਦਿਤਾ ਹੈ।  

ਇਸ ਸਬੰਧੀ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਮਰੀਜ਼ਾਂ ਤੋਂ ਪਲਾਜ਼ਮਾ ਥਰੈਪੀ ਦੀ ਕੋਈ ਵੀ ਕੀਮਤ ਨਹੀਂ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਲਾਜ਼ਮਾ ਖਰੀਦਣ ਜਾਂ ਵੇਚਣ ਦਾ ਅਧਿਕਾਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਪਲਾਜ਼ਮਾ ਕਈ ਮਾਮਲਿਆਂ ਵਿਚ ਕਰੋਨਾ ਵਾਇਰਸ ਤੋਂ ਪੀੜਤਾਂ ਦੀਆਂ ਜਾਨਾਂ ਬਚਾਉਣ ਵਿਚ ਸਹਾਈ ਸਾਬਤ ਹੋਇਆ ਹੈ। ਇਸ ਲਈ ਸਰਕਾਰ ਇਸ ਦੀ ਕਿਸੇ ਵੀ ਤਰ੍ਹਾਂ ਦੀ ਤਰ੍ਹਾਂ ਖ਼ਰੀਦੋ-ਫਰੋਖਤ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਕਿ ਪੰਜਾਬ ਅੰਦਰ ਜ਼ਰੂਰਤਮੰਦਾਂ ਨੂੰ ਪਲਾਜ਼ਮਾ ਮੁਫ਼ਤ ਵਿਚ ਮੁਹੱਈਆ ਕਰਵਾਇਆ ਜਾਵੇਗਾ।

ਦੂਜੇ ਪਾਸੇ ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਦਾਨ 'ਚ ਲਏ ਪਲਾਜ਼ਮਾ  ਦੀ ਕੋਰੋਨਾ ਮਰੀਜ਼ਾਂ ਕੋਲੋਂ ਕੀਮਤ ਵਸੂਲੀ ਸਬੰਧੀ ਫ਼ੈਸਲਾ ਵਾਪਸ ਲਏ ਜਾਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਲੋਕਾਂ ਦੀ ਜਿੱਤ ਕਰਾਰ ਦਿਤਾ ਹੈ। ਉਨ੍ਹਾਂ ਮੁੱਖ  ਮੰਤਰੀ ਨੂੰ ਸਲਾਹ ਦਿਤੀ ਕਿ ਉਹ ਅਜਿਹੇ ਲੋਕ ਮਾਰੂ ਫ਼ੈਸਲਿਆਂ 'ਤੇ ਵੀ ਨਜ਼ਰਸਾਨੀ ਕਰਨ ਜਿੰਨਾ ਕਰਕੇ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਪਿਸ ਰਹੇ ਹਨ।

ਵੀਰਵਾਰ ਦੇਰ ਸ਼ਾਮੀ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਰੋਹ ਨੂੰ ਭਾਂਪਦਿਆਂ ਸਰਕਾਰ ਨੇ ਇਹ ਫੁਰਮਾਨ ਵਾਪਸ ਲਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਹਿਤਾਂ ਲਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਆਮ ਆਦਮੀ ਪਾਰਟੀ ਆਪਣਾ ਫ਼ਰਜ਼ ਨਿਭਾਉਂਦੀ ਰਹੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।