ਦੇਰ ਆਵੇ ਦਰੁਸਤ... : ਪੰਜਾਬ 'ਚ ਸੜਕ ਹਾਦਸੇ ਰੋਕਣ ਲਈ ਪਹਿਲ-ਕਦਮੀ, ਟਾਕਸ ਫੋਰਸ ਦਾ ਹੋਇਆ ਗਠਨ!
ਬਲੈਕ ਸਪਾਟਸ ਦੀ ਨਿਸ਼ਾਨਦੇਹੀ ਦੇ ਨਾਲ-ਨਾਲ ਸੁਧਾਰਾਂ ਦੀ ਜ਼ਿੰਮੇਵਾਰੀ ਸੌਂਪੀ
ਚੰਡੀਗੜ੍ਹ : ਪੰਜਾਬ ਅੰਦਰ ਸੜਕ ਹਾਦਸਿਆਂ ਦੀ ਲਗਾਤਾਰ ਵਧਦੀ ਗਿਣਤੀ ਵੱਡੀ ਸਮੱਸਿਆ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੁਣ ਸੂਬਾ ਸਰਕਾਰ ਨੇ ਸੰਜੀਦਾ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਟਾਸਕ ਫੋਰਸ ਦਾ ਗਠਨ ਕਰ ਦਿਤਾ ਹੈ। ਇਸ ਲਈ ਸੂਬੇ 'ਚ ਇਕ ਚੀਫ਼ ਇੰਜੀਨੀਅਰ ਤੋਂ ਇਲਾਵਾ 22 ਜ਼ਿਲ੍ਹਿਆਂ 'ਚ ਕਾਰਜਕਾਰੀ ਇੰਜੀਨੀਅਰ ਨਾਮਜ਼ਦ ਕੀਤੇ ਗਏ ਹਨ। ਇਨ੍ਹਾਂ ਅਧਿਕਾਰੀਆਂ ਨੂੰ ਸੜਕ ਹਾਦਸੇ ਰੋਕਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਹ ਫ਼ੈਸਲਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲਿਆ ਗਿਆ ਹੈ।
ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਰਕਾਰ ਨੇ ਪੰਜਾਬ ਰੋਡ ਅਤੇ ਬ੍ਰਿਜ ਡਿਵੈਲਪਮੈਂਟ ਬੋਰਡ ਦੇ ਚੀਫ਼ ਇੰਜੀਨੀਅਰ ਮੁਕੇਸ਼ ਕੁਮਾਰ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਉਹ ਰਾਜ ਪੱਧਰੀ ਟਾਸਕ ਫੋਰਸ ਦੇ ਕਨਵੀਨਰ ਵਜੋਂ ਵੀ ਜ਼ਿੰਮੇਵਾਰੀ ਨਿਭਾਉਣਗੇ। ਉਹ ਰਾਜ ਅੰਦਰ ਮੌਜੂਦ ਜ਼ਿਆਦਾ ਹਾਦਸਿਆਂ ਵਾਲੀਆਂ ਥਾਵਾਂ ਦੀ ਬਲੈਕ ਸਪਾਟਸ ਵਜੋਂ ਨਿਸ਼ਾਨਦੇਹੀ ਕਰਨ ਦੇ ਨਾਲ ਨਾਲ ਇਸ 'ਚ ਸੁਧਾਰਾ ਦੀ ਕਰਵਾਈ ਨੂੰ ਯਕੀਨੀ ਬਣਾਉਣਗੇ।
ਉਨ੍ਹਾਂ ਨੂੰ ਸੂਬੇ ਦੀਆਂ ਸੜਕਾਂ ਦੀ ਰੈਗੂਲਰ ਨਿਗਰਾਨੀ ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਅੰਦਰ ਤਾਲਮੇਲ ਦੀ ਜ਼ਰੂਰਤ ਨੂੰ ਧਿਆਨ 'ਚ ਰਖਦਿਆਂ ਪੰਜਾਬ ਦੇ ਲੋਕ ਨਿਰਮਾਣ ਮਹਿਕਮੇ ਦੇ 22 ਇੰਜੀਨੀਅਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਮਿਸ਼ਨ ਤੰਦਰੁਸਤ ਪੰਜਾਬ ਦੇ ਮੁਖੀ ਕਾਹਨ ਸਿੰਘ ਪੰਨੂ ਮੁਤਾਬਕ ਪਹਿਲਾਂ ਪੰਜਾਬ ਅੰਦਰ ਬਹੁਤ ਸਾਰੀਆਂ ਏਜੰਸੀਆਂ ਦੀ ਸ਼ਮੂਲੀਅਤ ਸਦਕਾ ਸੜਕ ਸੁਰੱਖਿਆ ਸਬੰਧੀ ਕਿਸੇ ਦੀ ਜਵਾਬਦੇਹੀ ਤੈਅ ਕਰਨਾ ਮੁਸ਼ਕਲ ਸੀ, ਪਰ ਹੁਣ ਜਵਾਬਦੇਹੀ ਤਹਿ ਹੋਣ ਬਾਅਦ ਸੜਕ ਹਾਦਸਿਆਂ 'ਚ ਕਮੀ ਦੇ ਨਾਲ-ਨਾਲ ਕੀਮਤੀ ਜਾਨਾਂ ਨੂੰ ਬਚਾਉਣ 'ਚ ਮਦਦ ਮਿਲੇਗੀ।
ਕਾਬਲੇਗੌਰ ਹੈ ਕਿ ਪੰਜਾਬ ਅੰਦਰ ਹਰ ਸਾਲ 4500 ਤੋਂ ਵਧੇਰੇ ਲੋਕ ਸੜਕ ਹਾਦਸਿਆਂ ਕਾਰਨ ਅਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਪਿਛਲੇ ਦੋ ਸਾਲਾਂ 2018 ਤੇ 2019 ਦੌਰਾਨ ਕ੍ਰਮਵਾਰ 4725 ਤੇ 4507 ਵਿਅਕਤੀ ਸੜਕ ਹਾਦਸਿਆਂ 'ਚ ਜਾਨ ਗੁਆ ਗਏ ਸਨ। ਇਸ ਹਿਸਾਬ ਨਾਲ ਰੋਜ਼ਾਨਾ 12 ਲੋਕਾਂ ਦੀ ਸੜਕ ਹਾਦਸਿਆਂ ਕਾਰਨ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਗੰਭੀਰ ਸੱਟਾਂ ਕਾਰਨ ਜਾਂ ਤਾਂ ਨਕਾਰਾ ਹੋ ਜਾਂਦੇ ਹਨ, ਜਾਂ ਲੰਮਾ ਸਮਾਂ ਮੰਜੇ 'ਤੇ ਪਏ ਰਹਿਣ ਲਈ ਮਜ਼ਬੂਰ ਹੁੰਦੇ ਹਨ। ਇਸ ਤੋਂ ਇਲਾਵਾ ਵੱਡਾ ਮਾਲੀ ਨੁਕਸਾਨ ਵੀ ਹੁੰਦਾ ਹੈ।
ਪੰਜਾਬ ਅੰਦਰ ਜਰਨੈਲੀ ਸੜਕਾਂ ਦੀ ਵਧੀਆ ਹਾਲਤ ਦੇ ਬਾਵਜੂਦ ਭਿਆਨਕ ਹਾਦਸਿਆਂ 'ਚ ਕੋਈ ਕਮੀ ਨਹੀਂ ਆ ਰਹੀ। ਇਸ ਨੂੰ ਜੇਕਰ ਸੜਕੀ ਅਤਿਵਾਦ ਵੀ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਇੰਨੀਆਂ ਜ਼ਿਆਦਾ ਜਾਨਾਂ ਤਾਂ ਅਤਿਵਾਦੀ ਗਤੀਵਿਧੀਆਂ ਕਾਰਨ ਨਹੀਂ ਜਾਂਦੀਆਂ, ਜਿੰਨੀਆਂ ਸੜਕ ਹਾਦਸਿਆਂ 'ਚ ਚਲੀਆਂ ਜਾਦੀਆਂ ਹਨ। ਪਿਛਲੇ ਸਮੇਂ ਦੌਰਾਨ ਸੜਕ ਹਾਦਸਿਆਂ ਦੀ ਵਧਦੀ ਗਿਣਤੀ ਨੂੰ ਰੋਕਣ ਖ਼ਾਤਰ ਸੰਜੀਦਾ ਕਦਮ ਚੁੱਕਣ ਸਬੰਧੀ ਮੰਗਾਂ ਉਠਦੀਆਂ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਚੁਕੇ ਜਾ ਰਹੇ ਹਾਲੀਆ ਕਦਮਾਂ ਨਾਲ ਸੜਕ ਹਾਦਸਿਆਂ 'ਤੇ ਲਗਾਮ ਲੱਗਣ ਦੀ ਉਮੀਦ ਜਾਗੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।