ਜੇਕਰ ਸਮੇਂ ਸਿਰ ਨਹੀਂ ਮਿਲਿਆ ਕੁਨੈਕਸ਼ਨ ਤਾਂ ਮੰਗ ਸਕਦੇ ਹੋ ਮੁਆਵਜ਼ਾ
2003 ਦੇ ਬਿਜਲੀ ਐਕਟ ਵਿਚ ਦਿਤੇ ਗਏ ਹਨ ਬਿਜਲੀ ਉਪਭੋਗਤਾਵਾਂ ਨੂੰ ਅਧਿਕਾਰ
ਚੰਡੀਗੜ੍ਹ : ਬਿਜਲੀ ਉਪਭੋਗਤਾਵਾਂ ਨੂੰ ਲੋੜ ਅਤੇ ਹੱਕ ਅਨੁਸਾਰ ਬਿਜਲੀ ਨਾ ਮਿਲਣ ਦੀ ਸੂਰਤ ਵਿਚ ਉਹ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ। ਇਹ ਅਧਿਕਾਰ 2003 ਦੇ ਬਿਜਲੀ ਐਕਟ ਵਿਚ ਦਿਤਾ ਗਿਆ ਹੈ।
ਜ਼ਿਆਦਾਤਰ ਬਿਜਲੀ ਉਪਭੋਗਤਾ ਅਪਣੇ ਇਨ੍ਹਾਂ ਅਧਿਕਾਰਾਂ ਤੋਂ ਜਾਣੂ ਨਹੀਂ ਹਨ। ਦੱਸ ਦੇਈਏ ਕਿ ਜੇਕਰ ਕਿਸੇ ਇਲਾਕੇ ਵਿਚ ਫ਼ਿਊਜ਼ ਉਡ ਜਾਂਦਾ ਹੈ ਅਤੇ ਚਾਰ-ਪੰਜ ਘੰਟੇ ਤਕ ਬਿਜਲੀ ਮੁਲਾਜ਼ਮ ਬਿਜਲੀ ਠੀਕ ਕਰਨ ਨਹੀਂ ਆਉਂਦੇ ਤਾਂ ਇਸ ਸੂਰਤ ਵਿਚ ਉਪਭੋਗਤਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਤੋਂ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ।
ਇਸ ਤੋਂ ਇਲਾਵਾ ਜੇਕਰ ਇਲਾਕੇ ਵਿਚ ਬਿਜਲੀ ਹੋਵੇ ਪਰ ਕਿਸੇ ਇਕ ਘਰ ਵਿਚ ਬਿਜਲੀ ਨਹੀਂ ਆ ਰਹੀ ਤਾਂ ਵੀ ਇਸ ਅਧਿਕਾਰ ਤਹਿਤ ਮੁਆਵਜ਼ੇ ਦੀ ਮੰਗ ਕੀਤੀ ਜਾ ਸਕਦੀ ਹੈ। ਮੁਆਵਜ਼ੇ ਦੀ ਮੰਗ 'ਤੇ ਬਿਜਲੀ ਵਿਭਾਗ 'ਚ ਬਣੀਆਂ ਉਪਭੋਗਤਾ ਸ਼ਿਕਾਇਤ ਨਿਵਾਰਨ ਕਮੇਟੀਆਂ ਵਲੋਂ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕੀਤੀ ਜਾਂਦੀ ਹੈ।
ਇਥੇ ਦੱਸਣਯੋਗ ਹੈ ਕਿ ਮੁਆਵਜ਼ਾ ਸਿਰਫ਼ ਉਸ ਸੂਰਤ ਵਿਚ ਹੀ ਮੰਗਿਆ ਜਾ ਸਕਦਾ ਹੈ ਜੇਕਰ ਉਪਭੋਗਤਾ ਵਲੋਂ ਨਿਯਮਾਂ ਮੁਤਾਬਕ ਲੋਡ ਦੀ ਵਰਤੋਂ ਕੀਤੀ ਜਾਂਦੀ ਹੋਵੇ। ਇਸ ਤੋਂ ਇਲਾਵਾ ਉਪਭੋਗਤਾਵਾਂ ਲਈ ਨਵੇਂ ਕੁਨੈਕਸ਼ਨ ਲੈਣੇ, ਪੁਰਾਣੇ ਬੰਦ ਕਰਵਾਉਣੇ ਜਾਂ ਕੁਨੈਕਸ਼ਨ ਨੂੰ ਇਕ ਤੋਂ ਦੂਜੀ ਜਗ੍ਹਾ ਤਬਦੀਲ ਕਰਵਾਉਣ ਆਦਿ ਲਈ ਵੀ ਦਿਨ ਮਿਥੇ ਗਏ ਹਨ। ਜੇਕਰ ਬਿਜਲੀ ਮਹਿਕਮੇ ਵਲੋਂ ਇਨ੍ਹਾਂ ਤੈਅ ਦਿਨਾਂ ਵਿਚ ਸਹੂਲਤ ਮੁਹਈਆ ਨਹੀਂ ਕਰਵਾਈ ਜਾਂਦੀ ਤਾਂ ਵੀ ਉਪਭੋਗਤਾ ਮੁਆਵਜ਼ਾ ਮੰਗਣ ਦੇ ਹੱਕਦਾਰ ਹੁੰਦੇ ਹਨ।