ਲੇਖਕਾਂ, ਕਲਾਕਾਰਾਂ ਦੇ ਜਨਮ ਦਿਨ ਮਨਾਉਣ ਦੀ ਪੰਜਾਬ ਕਲਾ ਪਰਿਸ਼ਦ ਦੀ ਨਿਵੇਕਲੀ ਪਹਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਸਤ ਮਹੀਨੇ 'ਚ ਜਨਮੇ ਪ੍ਰਸਿੱਧ ਲੇਖਕਾਂ/ਕਲਾਕਾਰਾਂ ਦੀ ਯਾਦ ਵਿੱਚ ਸੰਗੀਤਕ ਤੇ ਸਾਹਿਤਕ ਪ੍ਰੋਗਰਾਮ ਕਰਵਾਇਆ

A unique initiative of celebrating the birth anniversaries of the authors, artists

ਚੰਡੀਗੜ: ਪੰਜਾਬ ਕਲਾ ਪਰਿਸ਼ਦ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਅਤੇ ਕਲਾਕਾਰਾਂ ਦੇ ਜਨਮ ਦਿਨ ਮਨਾਉਣ ਦੀ ਸ਼ੁਰੂ ਕੀਤੀ ਪਹਿਲ ਦੀ ਪਹਿਲੀ ਲੜੀ ਵਿੱਚ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਸ਼ਾਨਦਾਰ ਸੰਗੀਤਕ ਅਤੇ ਸਾਹਿਤਕ ਸ਼ਾਮ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ। ਡਾ. ਪਾਤਰ ਨੇ ਜਿੱਥੇ ਉਭਰਦੇ ਕਲਾਕਾਰਾਂ ਨੂੰ ਮੁਬਾਰਕਬਾਦ ਦਿੱਤੀ ਉਥੇ ਅਗਸਤ ਮਹੀਨੇ ਵਿਚ ਪੈਦਾ ਹੋਏ ਤੇ ਹੁਣ ਵਿਛੜ ਚੁੱਕੇ ਕਲਾਕਾਰਾਂ ਤੇ ਲੇਖਕਾਂ ਦੀਆਂ ਯਾਦਾਂ ਤਾਜ਼ੀਆਂ ਕਰਕੇ ਉਨ੍ਹਾਂ• ਨੂੰ ਸ਼ਰਧਾਂਜਲੀ ਭੇਂਟ ਕੀਤੀ।

ਵੱਖ-ਵੱਖ ਬੁਲਾਰਿਆਂ ਨੇ ਕਲਾਕਾਰਾਂ ਦੇ ਜੀਵਨ ਤੇ ਉਹਨਾਂ ਦੀ ਸਾਹਿਤਕ ਦੇਣ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਪ੍ਰੋ. ਨਿਰਮਲ ਜੌੜਾ ਨੇ ਗੀਤਕਾਰ ਇੰਦਰਜੀਤ ਹਸਨਪੁਰੀ, ਨਵਦੀਪ ਸਿੰਘ ਗਿੱਲ ਨੇ ਲੇਖਕ ਰਾਮ ਸਰੂਪ ਅਣਖੀ, ਪ੍ਰੋ. ਯੋਗਰਾਜ ਨੇ ਅੰਮ੍ਰਿਤਾ ਪ੍ਰੀਤਮ ਤੇ ਨਿੰਦਰ ਘੁਗਿਆਣਵੀ ਨੇ ਪ੍ਰੋ. ਅਜਮੇਰ ਸਿੰਘ ਔਲਖ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ।ਇਸ ਮੌਕੇ ਜਿੱਥੇ ਅਮਰ ਸਿੰਘ ਸ਼ੌਂਕੀ, ਆਸਾ ਸਿੰਘ ਮਸਤਾਨਾ, ਡਾ. ਹਰਿਭਜਨ ਸਿੰਘ, ਵਿਧਾਤਾ ਸਿੰਘ ਤੀਰ, ਤਾਰਾ ਸਿੰਘ ਕਾਮਲ ਤੇ ਰਘਬੀਰ ਸਿੰਘ ਚੰਦ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ

ਉਥੇ ਗਾਇਕਾ ਸੁੱਖੀ ਬਰਾੜ, ਨੀਲਮ ਸ਼ਰਮਾ, ਵਿਸ਼ਾਲ ਸੈਨੀ, ਰਾਵੀ ਬੱਲ, ਗੁਰਿੰਦਰ ਗੈਰੀ, ਸ਼ੈਡੀ ਸਿੰਘ, ਸੁਖਵਿੰਦਰ ਸੁਖੀ, ਸ਼ਗਨਪ੍ਰੀਤ ਤੇ ਮਨਪ੍ਰੀਤ ਭੱਟੀ ਨੇ ਉਕਤ ਕਵੀਆਂ, ਕਲਾਕਾਰਾਂ ਦੇ ਕਲਾਮ ਸੁਣਾ ਕੇ ਸਮਾਂ ਬੰਨ ਦਿੱਤਾ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਅਰਾਡੀਨੇਟਰ ਅਤੇ ਇਸ ਪ੍ਰੋਗਰਾਮ ਦੇ ਕਨਵੀਨਰ ਸ੍ਰੀ ਨਿੰਦਰ ਘੁਗਿਆਣਵੀ ਨੇ ਮੰਚ ਸੰਚਾਲਨ ਕਰਦਿਆਂ ਨਾਲ ਨਾਲ ਹਾਸਰਸ ਟੋਟਕੇ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ।ਇਸ ਸਮਾਗਮ ਵਿੱਚ ਸਾਬਕਾ ਮੰਤਰੀ ਸ੍ਰੀਮਤੀ ਗੁਰਕੰਵਲ ਕੌਰ, ਕੈਨੇਡਾ ਤੋਂ ਗੁਰਦੀਪ ਲੱਧੜ, ਆਸਟਰੇਲੀਆ ਤੋਂ ਅਮਰਜੀਤ ਸਿੰਘ, ਲੇਖਕ ਜੰਗ ਬਹਾਦਰ ਗੋਇਲ, ਐਨ ਐਸ ਰਤਨ, ਸੁਭਾਸ਼ ਭਾਸਕਰ, ਜਤਿੰਦਰ ਮੋਦਗਿੱਲ, ਡਾ.ਸੁਰਿੰਦਰ ਗਿੱਲ, ਦੀਪਕ ਸ਼ਰਮਾ ਚਨਾਰਥਲ ਆਦਿ ਵੀ ਹਾਜ਼ਰ ਸਨ।