ਜਸਟਿਸ ਰਵੀ ਸ਼ੰਕਰ ਝਾ ਹੋਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਜੂਦਾ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਪ੍ਰਮੋਟ ਹੋ ਕੇ ਸੁਪਰੀਮ ਕੋਰਟ ਦੇ ਜੱਜ ਵਜੋਂ ਕਾਰਜਭਾਰ ਸੰਭਾਲਣਗੇ।

Ravi Shankar Jha likely to be Chief Justice of Punjab and Haryana HC

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਮੱਧ ਪ੍ਰਦੇਸ਼ ਹਾਈ ਕੋਰਟ ਦੇ ਸੀਨੀਅਰ ਮੋਸਟ ਜੱਜ ਐਕਟਿੰਗ ਚੀਫ਼ ਜਸਟਿਸ ਰਵੀ ਸ਼ੰਕਰ ਝਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੇਂ ਚੀਫ਼ ਜਸਟਿਸ ਹੋਣਗੇ। ਮੌਜੂਦਾ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਪ੍ਰਮੋਟ ਹੋ ਕੇ ਸੁਪਰੀਮ ਕੋਰਟ ਦੇ ਜੱਜ ਵਜੋਂ ਕਾਰਜਭਾਰ ਸੰਭਾਲਣਗੇ। ਜਸਟਿਸ ਝਾ ਦੀ ਨਿਯੁਕਤੀ ਅਤੇ ਜਸਟਿਸ ਮੁਰਾਰੀ ਦੇ ਨਾਂ ਸੁਪਰੀਮ ਕੋਰਟ ਕੋਲੀਜ਼ਿਅਮ ਨੇ ਕਲੀਅਰ ਕਰ ਦਿੱਤੇ ਹਨ।

ਜਸਟਿਸ ਝਾ ਨੂੰ 10 ਜੂਨ 2019 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਐਕਟਿੰਗ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ। ਮੁਢਲੇ ਤੌਰ 'ਤੇ ਸਾਇੰਸ ਗ੍ਰੈਜੁਏਟ ਜਸਟਿਸ ਝਾ ਨੇ ਵਕਾਲਤ ਦੀ ਪੜ੍ਹਾਈ ਕੀਤੀ ਅਤੇ 20 ਸਤੰਬਰ 1986 ਨੂੰ ਇਕ ਵਕੀਲ ਦੇ ਤੌਰ 'ਤੇ ਬਾਰ ਕੌਂਸਲ ਦਾ ਹਿੱਸਾ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਜਬਲਪੁਰ ਸਥਿਤ ਮੁੱਖ ਪ੍ਰਦੇਸ਼ ਹਾਈ ਕੋਰਟ 'ਚ ਸਿਵਲ ਰੈਵੇਨਿਊ ਅਤੇ ਸੰਵਿਧਾਨਕ ਪਹਿਲੂਆਂ ਉੱਤੇ ਵਕਾਲਤ ਕੀਤੀ।

2 ਫ਼ਰਵਰੀ 2007 ਨੂੰ ਉਨ੍ਹਾਂ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦਾ ਪਰਮਾਨੈਂਟ ਜੱਜ ਨਿਯੁਕਤ ਕੀਤਾ ਗਿਆ ਸੀ। ਮੱਧ ਪ੍ਰਦੇਸ਼ ਹਾਈ ਕੋਰਟ 'ਚ ਚੀਫ਼ ਜਸਟਿਸ ਦਾ ਅਹੁਦਾ ਖਾਲੀ ਹੋਣ ਤੋਂ ਬਾਅਦ ਸਭ ਤੋਂ ਸੀਨੀਅਰ ਹੋਣ ਨਾਤੇ ਉਨ੍ਹਾਂ ਨੂੰ ਐਕਟਿੰਗ ਚੀਫ਼ ਜਸਟਿਸ ਲਗਾਇਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਇਲਾਹਾਬਾਦ ਤਬਦੀਲ ਕੀਤੇ ਗਏ ਜਸਟਿਸ ਅਜੇ ਲਾਂਬਾ ਨੂੰ ਵੀ ਸੁਪਰੀਮ ਕੋਰਟ ਨੇ ਗੁਹਾਟੀ ਹਾਈ ਕੋਰਟ ਦਾ ਨਵਾਂ ਚੀਫ਼ ਜਸਟਿਸ ਨਿਯੁਕਤ ਕੀਤਾ ਹੈ।