1986 ਦੇ ਨਕੋਦਰ ਗੋਲੀ ਕਾਂਡ ਮਾਮਲੇ 'ਚ ਹਾਈ ਕੋਰਟ ਵੱਲੋਂ ਅਕਾਲੀ ਆਗੂ ਨੂੰ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਨੌਜਵਾਨ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਨੇ ਦਾਇਰ ਕੀਤੀ ਸੀ ਪਟੀਸ਼ਨ

High court issues notice to Akali leaders in Nakodar shooting case

ਚੰਡੀਗੜ੍ਹ : ਨਕੋਦਰ 'ਚ ਸਾਲ 1986 ਵਿਚ ਵਾਪਰੇ ਪੁਲਿਸ ਗੋਲੀ ਕਾਂਡ ਵਿਚ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਵਾਰ ਫਿਰ ਅਕਾਲੀ ਦਲ ਨੂੰ ਮੁਸ਼ਕਲਾਂ 'ਚ ਪਾ ਦਿੱਤਾ ਹੈ। ਹਾਈ ਕੋਰਟ ਨੇ ਮਾਮਲੇ 'ਚ ਪੰਜਾਬ ਸਰਕਾਰ ਦੇ ਨਾਲ ਤਤਕਾਲੀ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਮੌਜੂਦਾ ਅਕਾਲੀ ਆਗੂ ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕੀਤਾ ਹੈ।

ਵਕੀਲ ਐਚਸੀ ਅਰੋੜਾ ਨੇ ਦਸਿਆ ਕਿ ਉਨ੍ਹਾਂ ਮ੍ਰਿਤਕ ਨੌਜਵਾਨਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਵਲੋਂ ਅਦਾਲਤ ਵਿਚ ਪਟੀਸ਼ਨ ਪਾਈ ਸੀ। ਇਸ ਦੀ ਸੁਣਵਾਈ ਦੌਰਾਨ ਹੁਣ ਅਦਾਲਤ ਨੇ ਦਰਬਾਰਾ ਸਿੰਘ ਗੁਰੂ, ਮੁਹੰਮਦ ਇਜ਼ਹਾਰ ਆਲਮ ਅਤੇ ਅਸ਼ਵਨੀ ਕਮੁਾਰ ਸ਼ਰਮਾ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਸਾਰੀਆਂ ਧਿਰਾਂ ਮਾਮਲੇ ਦੀ ਅਗਲੀ ਤਰੀਕ 4 ਅਗਸਤ ਤਕ ਆਪਣੀ ਸਫ਼ਾਈ ਪੇਸ਼ ਕਰਨੀ ਹੈ। ਵਕੀਲ ਅਨੁਸਾਰ ਉਸ ਵੇਲੇ ਜ਼ਿਲ੍ਹਾ ਮੈਜਿਸਟ੍ਰੇਟ ਦਰਬਾਰਾ ਸਿੰਘ ਗੁਰੂ ਸਨ ਜਦਕਿ ਮੋਹਾਲੀ ਦੇ ਐਸਐਸਪੀ ਮੁਹੰਮਦ ਇਜ਼ਹਾਰ ਆਲਮ ਅਤੇ ਐਸਪੀ (ਅਪਰੇਸ਼ਨ) ਅਸ਼ਵਨੀ ਕਮੁਾਰ ਸ਼ਰਮਾ ਸਨ।

ਵਕੀਲ ਅਰੋੜਾ ਨੇ ਅਦਾਲਤ ਨੂੰ ਦੱਸਿਆ ਕਿ ਨਕੋਦਰ ਦੇ ਗੁਰਦੁਆਰੇ ਵਿਚ 2 ਫ਼ਰਵਰੀ 1986 ਨੂੰ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਅਗਨ ਭੇਟ ਕਰ ਦਿੱਤੇ ਗਏ ਸਨ। ਘਟਨਾ ਤੋਂ ਦੋ ਦਿਨ ਬਾਅਦ ਭੜਕੇ ਲੋਕਾਂ ਨੇ ਨਕੋਦਰ ਵਿਚ ਰੋਸ ਮਾਰਚ ਕੀਤਾ ਸੀ, ਜਿਸ ਦੌਰਾਨ ਅਸ਼ਵਨੀ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਪੁਲੀਸ ਨੀਮ ਨੇ ਪ੍ਰਦਰਸ਼ਨਕਾਰੀਆਂ 'ਤੇ 300 ਗੋਲੀਆਂ ਚਲਾਈਆਂ ਸਨ। ਗੋਲੀ ਕਾਂਡ ਵਿਚ ਚਾਰ ਨੌਜਵਾਨ ਮਾਰੇ ਗਏ ਸਨ। ਉਸ ਵੇਲੇ ਦੀ ਸੂਬਾ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਨਿਯੁਕਤ ਕਰ ਕੇ ਰਿਪੋਰਟ ਦੇਣ ਲਈ ਆਖਿਆ ਸੀ। ਭਾਵੇਂ ਉਸੇ ਵਰ੍ਹੇ ਜਾਂਚ ਕਮਿਸ਼ਨ ਨੇ ਰਿਪੋਰਟ ਦੇ ਦਿੱਤੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।