ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣਾ ਲੋਕਾਂ ‘ਤੇ ਵਾਧੂ ਬੋਝ-ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣ ਦਾ ਫੈਸਲਾ ਲੈ ਕੇ ਪੰਜਾਬੀਆਂ ‘ਤੇ ਇਕ ਹੋਰ ਬੋਝ ਵਧਾ ਦਿੱਤਾ

Aman Arora

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਹਾਂਮਾਰੀ ਦੇ ਦੌਰ ‘ਚ ਸਿਹਤ ਸਹੂਲਤਾਂ ਦੇ ਖਰਚੇ ਵਧਾਉਣ ਦਾ ਫੈਸਲਾ ਲੈ ਕੇ ਮੁਸੀਬਤ ਦਾ ਸਾਹਮਣਾ ਕਰ ਰਹੇ ਪੰਜਾਬੀਆਂ ‘ਤੇ ਇਕ ਹੋਰ ਬੋਝ ਵਧਾ ਦਿੱਤਾ ਹੈ, ਜਦਕਿ ਚਾਹੀਦਾ ਇਹ ਸੀ ਕਿ ਸਰਕਾਰ ਇਸ ਕੋਰੋਨਾ ਕਾਲ ਦੌਰਾਨ ਲੋਕਾਂ ਨੁੰ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੂਬੇ ਵਿਚ ਸਿਹਤ ਸਹੂਲਤਾਂ ਤੋਂ ਵਸੂਲੀ ਜਾਣ ਵਾਲੇ ਚਾਰਜਿੰਗ ਚੁੱਪ ਚੁਪੀਤੇ ਵਧਾ ਦਿੱਤੇ ਹਨ, ਜਦਕਿ ਪੰਜਾਬ ਵਿਚ ਇਸ ਸਮੇਂ ਕੋਰੋਨਾ ਵਰਗੀ ਮਹਾਂਮਾਰੀ ਸਿਖਰਾਂ ‘ਤੇ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੂਰਨ ਤੌਰ ‘ਤੇ ਲੋਕ ਵਿਰੋਧੀ ਹੈ। ਜਦਕਿ ਸਰਕਾਰ ਨੂੰ ਅਜਿਹੇ ਮੌਕਿਆਂ ‘ਤੇ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਨਾ ਕਿ ਉਹਨਾਂ ‘ਤੇ ਵਾਧੂ ਬੋਝ ਪਾਉਣ ਦੀ।

ਉਹਨਾਂ ਕਿਹਾ ਕਿ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਹੁਣ ਅੰਬੂਲੈਂਸ ਦਾ ਕਿਰਾਇਆ ਤਿੰਨ ਗੁਣਾ ਵਧਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਛੋਟੇ ਮੋਟੇ ਅਪਰੇਸ਼ਨਾਂ ਲਈ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਫੀਸ ਦੇਣੀ ਪਵੇਗੀ। ਵਿਧਾਇਕ ਨੇ ਕਿਹਾ ਕਿ ਸਰਕਾਰ ਲੋਕਾਂ ਨਾਲ ਵਾਅਦੇ ਤਾਂ ਬਹੁਤ ਕਰਦੀ ਹੈ, ਪਰ ਅਸਲ ਵਿਚ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ।

ਪੰਜਾਬ ਇੱਕ ਵੈਲਫ਼ੇਅਰ ਸੂਬਾ ਹੈ ਪਰ ਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਇਕ ਵਪਾਰੀ ਦੀ ਤਰਾਂ ਪੇਸ਼ ਆ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਦੇ 20,000 ਪ੍ਰਤੀ ਯੂਨਿਟ ਚਾਰਜ ਕਰਨ ਦੀ ਘੋਸ਼ਣਾ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੇ ਵਿਰੋਧ ਤੋਂ ਡਰਦਿਆਂ ਉਹ ਫੈਸਲਾ ਵਾਪਿਸ ਲੈਣਾ ਪਿਆ।

ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਇਸ ਪੈਸੇ ਕਮਾਉਣ ਦੀ ਪ੍ਰਵਿਰਤੀ ‘ਤੇ ਚਲ ਕੇ ਖ਼ਜ਼ਾਨਾ ਨਹੀਂ ਭਰ ਸਕਦੀ, ਖ਼ਜ਼ਾਨਾ ਭਰਨ ਲਈ ਨੀਅਤ ਅਤੇ ਨੀਤੀ ਸਾਫ ਹੋਣੀ ਚਾਹੀਦੀ ਤਾਂ ਕੇ ਮਾਫੀਆ ਨੂੰ ਕਾਬੂ ਕਰਕੇ ਪੈਸੇ ਦੀ ਲੀਕੇਜ ਰੋਕੀ ਜਾ ਸਕੇ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਲੋਕ ਵਿਰੋਧੀ ਫੈਸਲਾ ਨਾ ਲਿਆ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ।