ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਪਰ ਢੀਂਡਸਾ ਨੂੰ ਦੇਣੀ ਪਈ ਆਪਣੀ ਸਿਆਸੀ ਕੁਰਬਾਨੀ :ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਥ ਨਾਲ ਗਦਾਰੀ ਕਰਨ ਲਈ ਅਸਤੀਫਾ...

Sunil Jakhar

ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਥ ਨਾਲ ਗਦਾਰੀ ਕਰਨ ਲਈ ਅਸਤੀਫਾ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਚਾਹੀਦਾ ਸੀ ਪਰ ਸ: ਸੁਖਦੇਵ ਸਿੰਘ ਢੀਂਡਸਾ ਨੇ ਅਜਿਹਾ ਕਰਕੇ ਆਪਣੀ ਜਾਗਦੀ ਜਮੀਰ ਦਾ ਸਬੂਤ ਦਿੱਤਾ ਹੈ। ਸ੍ਰੀ ਜਾਖੜ ਅੱਜ ਕੈਬਨਿਟ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨਾਲ ਗੁਰਦਾਸਪੁਰ ਜ਼ਿਲੇ ਦੇ ਪਿੰਡ ਕੋਟਲਾ ਖੁਰਦ ਨਿਵਾਸੀ ਸ਼ਹੀਦ ਸੰਦੀਪ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਲਾਂਸ ਨਾਇਕ ਸੰਦੀਪ ਸਿੰਘ ਪਿੱਛਲੇ ਦਿਨੀਂ ਜੰਮੂ ਕਸਮੀਰ ਵਿਚ ਅੱਤਵਾਦੀਆਂ ਦੇ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ।

ਇਸ ਮੌਕੇ ਸ੍ਰੀ ਜਾਖੜ ਨੇ ਸ: ਢੀਂਡਸਾ ਵੱਲੋਂ ਦਿੱਤੇ ਅਸਤੀਫੇ ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਬੇਸ਼ਕ ਇਹ ਅਕਾਲੀ ਦਲ ਦਾ ਅੰਦਰੁਨੀ ਮਾਮਲਾ ਹੈ ਪਰ ਅਜਿਹਾ ਕਰਕੇ ਸ: ਢੀਂਡਸਾ ਨੇ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਜਮੀਰ ਜਾਗਦੀ ਹੈ ਅਤੇ ਪੰਥ ਲਈ ਉਨ੍ਹਾਂ ਦੇ ਦਿਲ ਵਿਚ ਦਰਦ ਹੈ। ਉਨ੍ਹਾਂ ਕਿਹਾ ਕਿ ਹਮੇਸਾ ਪੰਥ ਦੇ ਨਾਂਅ ਤੇ ਸਿਆਸਤ ਕਰਨ ਵਾਲੇ ਬਾਦਲ ਪਰਿਵਾਰ ਵੱਲੋਂ ਪੰਥ ਦੀ ਪਿੱਠ ਵਿਚ ਛੁਰਾ ਮਾਰ ਕੇ  ਕੁਕਰਮ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸ: ਬਾਦਲ ਆਪਣੇ ਸਿਆਸੀ ਕਰੀਅਰ ਦੌਰਾਨ ਅਨੇਕਾਂ ਬਾਰ ਕੁਰਬਾਨੀ ਦੀ ਗੱਲ ਕਰਦੇ ਆਏ ਹਨ ਪਰ ਹਰ ਵਾਰ ਉਹ ਪਹਿਲਾਂ ਆਪਣੇ ਅਤੇ ਹੁਣ ਆਪਣੇ ਪੁੱਤਰ ਦੀ ਸਿਆਸੀ ਰਾਹ ਵਿਚ ਆਉਣ ਵਾਲੇ ਲੋਕਾਂ ਦੀਆਂ ਸਿਆਸੀ ਕੁਰਬਾਨੀਆਂ ਲੈਂਦੇ ਰਹੇ ਜਾਂ ਉਨ੍ਹਾਂ ਨੂੰ ਅਜਿਹੀ ਸਿਆਸੀ ਕੁਰਬਾਨੀ ਦੇਣ ਲਈ ਮਜਬੂਰ ਕਰਦੇ ਰਹੇ।

ਉਨ੍ਹਾਂ ਕਿਹਾ ਕਿ ਸ: ਢੀਂਡਸਾ ਦਾ ਅਸਤੀਫਾ ਵੀ ਅਜਿਹੀਆਂ ਹੀ ਕੁਰਬਾਣੀਆਂ ਦੀ ਅਗਲੀ ਕੜੀ ਹੈ। ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਸੰਸਥਾਵਾਂ ਵਿਚ ਕੀਤੀ ਜਾ ਰਹੀ ਸਿਆਸੀ ਦਖਲਅੰਦਾਜੀ ਕਾਰਨ ਬਾਦਲ ਪਰਿਵਾਰ ਨੇ ਇੰਨ੍ਹਾਂ ਸਿਰਮੌਰ ਸੰਸਥਾਵਾਂ ਦੇ ਮਾਣ ਸਤਿਕਾਰ ਨੂੰ ਵੱਡੀ ਠੇਸ ਪਹੁੰਚਾਈ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੀਆਂ ਅਜਿਹੀਆਂ ਪੰਥ ਵਿਰੋਧੀ ਕਾਰਵਾਈਆਂ ਕਾਰਨ ਹੀ ਆਪਣੇ ਮਨ ਦੀ ਅਵਾਜ਼ ਸੁਣ ਕੇ ਸ: ਢੀਂਡਸਾ ਨੂੰ ਆਪਣੇ ਅਸਤੀਫੇ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਸ: ਢੀਂਡਸਾ ਦੇ ਅਸਤੀਫੇ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ਦੇ ਸਰਪ੍ਰਸਤਾਂ ਦੇ ਵਿਹਾਰ ਨਾਲ ਨਾ ਕੇਵਲ ਆਮ ਸਿੱਖ ਸਗੋਂ ਇੰਨ੍ਹਾਂ ਦੇ ਆਪਣੇ ਪਾਰਟੀ ਆਗੂਆਂ ਦੇ ਮਨਾਂ ਵਿਚ ਵੀ ਕਿੰਨਾਂ ਰੋਸ਼ ਹੈ।

ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਬਾਦਲ ਪਰਿਵਾਰ ਇਸ ਮੌਕੇ ਪੰਥ ਨਾਲ ਕੀਤੀਆਂ ਜਿਆਦਤੀਆਂ ਲਈ ਮਾਫੀ ਮੰਗ ਕੇ ਪਿੱਛੇ ਹਟਦਾ ਅਤੇ ਇਕ ਇਤਿਹਾਸਕ ਪਾਰਟੀ ਦੀ ਜਿੰਮੇਵਾਰੀ ਕਿਸੇ ਯੋਗ ਆਗੂ ਨੂੰ ਦੇਣ ਦੀ ਹਿੰਮਤ ਵਿਖਾਉਂਦਾ ਤਾਂ ਜੋ ਵੱਡੀਆਂ ਕੁਰਬਾਨੀਆਂ ਨਾਲ ਬਣੀ ਪਾਰਟੀ ਦੀ ਹੋਂਦ ਬਚਾਈ ਜਾ ਸਕਦੀ ਪਰ ਪੁੱਤਰ ਮੋਹ ਵਿਚ ਫਸੇ ਸ: ਬਾਦਲ ਨੇ ਆਪਣੇ ਸਿਆਸੀ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਦੀ ਆਪਣੀ ਰਵਾਇਤ ਨੂੰ ਹੀ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰ ਸ: ਢੀਂਡਸਾ ਦਾ ਅਸਤੀਫਾ ਅਕਾਲੀ ਦਲ ਵਿਚ ਜਾਗਦੀ ਜਮੀਰ ਦੇ ਲੋਕਾਂ ਲਈ ਪ੍ਰੇਰਣਾ ਦਾ ਕੰਮ ਕਰੇਗਾ।

ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਸ਼ਹੀਦ ਸੰਦੀਪ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਨੂੰ ਆਪਣੇ ਵੀਰ ਸਪੂਤਾਂ ਤੇ ਮਾਣ ਹੈ ਜੋ ਆਪਣੀ ਜਾਨ ਦੀ ਬਾਜੀ ਲਗਾ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਪਰ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਦੀ ਘੁਸਪੈਠ ਨਾਲ ਨਿਪਟਨ ਵਿਚ ਨਕਾਮੀ ਲਈ ਮੋਦੀ ਸਰਕਾਰ ਤੇ ਵੀ ਤਿੱਖਾ ਹਮਲਾ ਕੀਤਾ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਮੋਦੀ ਸਰਕਾਰ 2 ਸਾਲ ਪਹਿਲਾਂ ਫੌਜ ਵੱਲੋਂ ਕੀਤੇ ਸਰਜੀਕਲ ਸਟ੍ਰਾਇਕ ਦੀ ਵਰੇਗੰਢ ਮੌਕੇ ਸਿਆਸੀ ਸਮਾਗਮ ਕਰਕੇ ਫੌਜ ਦੇ ਨਾਂਅ ਤੇ ਰਾਜਨੀਤੀ ਕਰ ਰਹੀ ਹੈ ਦੂਜੇ ਪਾਸੇ ਮੋਦੀ ਸਰਕਾਰ ਦੀ ਅਸਫਲ ਵਿਦੇਸ਼ ਅਤੇ ਸੁੱਰਖਿਆ ਨੀਤੀ ਕਾਰਨ ਸਰਜੀਕਲ ਸਟ੍ਰਾਇਕ ਤੋਂ ਬਾਅਦ ਘੁਸਪੈਠ ਵੀ ਵਧੀ ਹੈ ਅਤੇ ਐਲ.ਓ.ਸੀ. ਤੇ ਫਾਇਰਿੰਗ ਦੀਆਂ ਘਟਨਾਵਾਂ ਵੀ ਲਗਾਤਾਰ ਵਧੀਆਂ ਹਨ।

ਸ੍ਰੀ ਜਾਖੜ ਨੇ ਦੱਸਿਆ ਕਿ 2014 ਵਿਚ ਜਿੱਥੇ ਪਾਕਿਸਤਾਨ ਵੱਲੋਂ ਐਲ.ਓ.ਸੀ. ਤੇ ਗੋਲੀਬੰਦੀ ਦੀ 153 ਵਾਰ ਉਲੰਘਣਾ ਕੀਤੀ ਸੀ ਉਥੇ ਹੀ 2017 ਵਿਚ ਇਹ ਗਿਣਤੀ 860 ਤੇ ਪਹੁੰਚ ਗਈ ਸੀ ਅਤੇ ਚਾਲੂ ਸਾਲ ਵਿਚ 1046 ਵਾਰ ਪਾਕਿਸਤਾਨ ਅਜਿਹਾ ਕਰ ਚੁੱਕਾ ਹੈ। ਇਸੇ ਤਰਾਂ 2014 ਵਿਚ ਘੁਸਪੈਠ ਦੇ 222 ਘਟਨਾਵਾਂ ਦੇ ਮੁਕਾਬਲੇ ਪਿੱਛਲੇ ਸਾਲ 406 ਵਾਰ ਘੁਸਪੈਠ ਦੀਆਂ ਕੋਸਿਸ਼ਾਂ ਹੋਈਆਂ। ਉਨ੍ਹਾਂ ਦੱਸਿਆ ਕਿ ਇਹ ਆਂਕੜੇ ਖੁਦ ਹੀ ਮੋਦੀ ਸਰਕਾਰੀ ਦੀ ਸਰਹੱਦਾਂ ਦੀ ਰਾਖੀ ਪ੍ਰਤੀ ਕਮਜੋਰ ਨੀਤੀ ਦਾ ਪ੍ਰਮਾਣ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਸੇ ਕਮਜੋਰੀ ਦਾ ਖਮਿਆਜਾ ਸਾਡੇ ਵੀਰ ਜਵਾਨ ਆਪਣੀਆਂ ਸਹਾਦਤਾਂ ਦੇ ਕੇ ਭੁਗਤ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸਰਹੱਦਾਂ ਦੀ ਰਾਖੀ ਪ੍ਰਤੀ ਭਾਜਪਾ ਸਰਕਾਰ ਦੀ ਕਮਜੋਰ ਨੀਤੀ ਕਾਰਨ ਦੁਸ਼ਮਣਾਂ ਦੇ ਹੌਂਸਲੇ ਵੱਧ ਰਹੇ ਹਨ ਉਥੇ ਹੀ ਰਾਫੇਲ ਲੜਾਕੂ ਜਹਾਜ ਸੌਦੇ ਵਿਚ ਆਪਣੇ ਚਹੇਤਿਆਂ ਦੀਆਂ ਅਨਾੜੀ ਕੰਪਨੀਆਂ ਨੂੰ ਸ਼ਾਮਿਲ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਹੀ ਦਾਅ ਤੇ ਲਗਾ ਦਿੱਤਾ ਹੈ।