ਸੰਗਤਾਂ ਨੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਕੀਤੀ 225ਵੀਂ ਅਰਦਾਸ
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹੋ ਰਹੀਆਂ ਅਰਦਾਸਾਂ
ਗੁਰਦਾਸਪੁਰ: ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਐਮ.ਐਲ.ਏ ਨਕੋਦਰ ਦੀ ਅਗਵਾਈ ਹੇਠ ਸਿੱਖ ਸੰਗਤਾਂ ਵੱਲੋਂ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ 225ਵੀਂ ਅਰਦਾਸ ਕੀਤੀ ਗਈ। ਇਸ ਮੌਕੇ ‘ਤੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਨਾਨਕ ਨਾਮ ਲੇਵਾ ਸੰਗਤਾਂ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ। ਉੱਥੇ ਹੀ ਬਾਜਵਾ ਨੇ ਦੱਸਿਆ ਕਿ ਨਵੰਬਰ 2000 ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਪਾਕਿਸਤਾਨ ਸਰਕਾਰ ਨੇ ਖੁੱਲ ਕੇ ਪਹਿਲੀ ਵਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਦੇਣ ਦੀ ਗੱਲ ਆਖੀ ਸੀ। ਉਸ ਤੋਂ ਬਾਅਦ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ 14 ਅਪ੍ਰੈਲ 2001 ਨੂੰ ਲਾਂਘਾ ਖੋਲ੍ਹਣ ਲਈ ਪਹਿਲੀ ਅਰਦਾਸ ਡੇਰਾ ਬਾਬਾ ਨਾਨਕ ਧੁੱਸੀ ਬੰਨ ਵਿਖੇ ਸੰਗਤਾਂ ਨੂੰ ਨਾਲ ਲੈ ਕੇ ਕੀਤੀ ਗਈ।
ਉਸ ਸਮੇਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਹਰ ਮੱਸਿਆ ਦੇ ਦਿਹਾੜੇ ਤੇ ਹਰ ਮਹੀਨੇ ਅਰਦਾਸ ਕੀਤੀ ਜਾ ਰਹੀ ਹੈ ਅਤੇ ਅੱਜ 225ਵੀਂ ਅਰਦਾਸ ਕੀਤੀ ਗਈ ਹੈ। ਉੱਥੇ ਹੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸਾਢੇ 18 ਸਾਲਾਂ ਵਿਚ ਇਸ ਲਾਂਘੇ ਨੂੰ ਖੁਲ੍ਹਵਾਉਣ ਣ ਉਹਨਾਂ ਦੀ ਸੰਸਥਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਸਮਿਆਂ ਵਿੱਚ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਲਾਂਘਾ ਖੋਲ੍ਹਣ ਲਈ ਮੈਮੋਰੰਡਮ ਦਿੱਤੇ ਗਏ ਸੀ।
ਦੋਵਾਂ ਹੀ ਸਰਕਾਰਾਂ ਨੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹ ਲਾਂਘਾ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ 9 ਨਵੰਬਰ ਨੂੰ ਪਹਿਲਾ ਜੱਥਾ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਦੀ ਸਰਹੱਦ ਨੂੰ ਪਾਰ ਕਰਕੇ ਜਾਵੇਗਾ।
ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਨੇ ਲਗਭਗ ਸਾਢੇ 17 ਸਾਲ ਦਾ ਸਮਾਂ ਗੁਜ਼ਾਰਿਆ ਉੱਥੇ ਰਹਿ ਕੇ ਖੇਤੀ ਕੀਤੀ ਅਤੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਜੀ ਬਣਾ ਕੇ ਗੁਰਗੱਦੀ ਸੌਂਪੀ ਅਤੇ ਉਸ ਅਸਥਾਨ ਤੋਂ ਹੀ ਕਿਰਤ ਕਰੋ, ਨਾਮ ਜਪੋ ਤੇ ਵੰਡ ਸਕੋ ਦਾ ਸੰਦੇਸ਼ ਦਿੱਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।