ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਭਲਕੇ ਕੀਤੀ ਜਾਵੇਗੀ ਅਰਦਾਸ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹੁਣ ਤਕ 224 ਅਰਦਾਸਾਂ ਹੋ ਚੁੱਕੀਆਂ ਹਨ ਅਤੇ 28 ਸਤੰਬਰ ਨੂੰ 225ਵੀਂ ਅਰਦਾਸ ਕੀਤੀ ਜਾਵੇਗੀ।

Pray tomorrow to open Kartarpur Sahib Corridor : Bajwa

ਬਟਾਲਾ : ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੀ ਮੀਟਿੰਗ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਡੇਰਾ ਬਾਬਾ ਨਾਨਕ ਤੋਂ ਲਾਂਘੇ ਤਕ ਪੁਰਾਣੇ ਗੁਰਦਵਾਰਾ ਸਾਹਿਬ ਨੂੰ ਜਾਣ ਵਾਲੇ ਮਾਰਗ ਦਾ ਨਾਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਮ 'ਤੇ ਰੱਖੇ ਜਾਣ ਤੇ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ ਗਿਆ।

ਬਾਜਵਾ ਨੇ ਦਸਿਆ ਕਿ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਸ਼ੁਰੂਆਤ 14 ਅਪ੍ਰੈਲ 2001 ਨੂੰ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ਤੋਂ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ ਅਤੇ ਇਨ੍ਹਾਂ ਸਾਢੇ ਅਠਾਰਾਂ ਸਾਲਾਂ ਵਿਚ ਹਰ ਮਹੀਨੇ ਮੱਸਿਆ ਦੇ ਦਿਹਾੜੇ 'ਤੇ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਅਰਦਾਸ ਕੀਤੀ ਜਾ ਰਹੀ ਹੈ। ਹੁਣ ਤਕ 224 ਅਰਦਾਸਾਂ ਹੋ ਚੁੱਕੀਆਂ ਹਨ ਅਤੇ 28 ਸਤੰਬਰ ਨੂੰ 225ਵੀਂ ਅਰਦਾਸ ਕੀਤੀ ਜਾਵੇਗੀ।

ਇਨ੍ਹਾਂ ਸਾਢੇ ਅਠਾਰਾਂ ਸਾਲਾਂ ਦੇ ਸਮੇਂ ਵਿਚ ਸੰਸਥਾ ਵਲੋਂ ਲਾਂਘੇ ਸਬੰਧੀ ਲੋਕ ਲਹਿਰ ਬਣਾਈ ਗਈ ਅਤੇ ਪਾਕਿਸਤਾਨ ਜਾ ਕੇ ਉਥੋਂ ਦੇ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਵੱਖ-ਵੱਖ ਸਮਿਆਂ ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿਚ ਵਫ਼ਦ ਵਲੋਂ ਲਾਂਘੇ ਖੋਲ੍ਹਣ ਲਈ ਮੈਮੋਰੰਡਮ ਦਿਤੇ ਜਾਂਦੇ ਰਹੇ ਸਨ ਤੇ ਹੁਣ ਦੋਵਾਂ ਸਰਕਾਰਾਂ ਨੇ ਲਾਂਘਾ ਖੋਲ੍ਹਣ ਦੀ ਮੰਜ਼ੂਰੀ ਦਿਤੀ ਹੈ ਜਿਸ ਨਾਲ ਲੰਬੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤਾਂ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ। ਇਸ ਸਮੇਂ ਮੀਟਿੰਗ ਵਿਚ ਇੰਜੀ.ਸੁਖਦੇਵ ਸਿੰਘ, ਬਾਬਾ ਗੁਰਮੇਜ ਸਿੰਘ ਦਾਬਾਵਾਲ, ਅਜਾਇਬ ਸਿੰਘ ਦਿਉਲ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।