‘ਆਪ’ ਵਲੋਂ ਪੰਜਾਬ 'ਚ 2019 ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣ 2019 ਦੇ ਮੈਦਾਨ ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਅਪਣੇ ਪੰਜ ਉਮੀਦਵਾਰ ਉਤਾਰ ਦਿਤੇ ਹਨ। ਨਾਲ ਹੀ ਇਨ੍ਹਾਂ ਨੂੰ ਚੋਣ ਜਿੱਤਣ ਲਈ ਕਰੜੀ ਤਿਆਰੀ ਕਰਨ...
ਚੰਡੀਗੜ੍ਹ (ਪੀਟੀਆਈ) : ਲੋਕ ਸਭਾ ਚੋਣ 2019 ਦੇ ਮੈਦਾਨ ਵਿਚ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਅਪਣੇ ਪੰਜ ਉਮੀਦਵਾਰ ਉਤਾਰ ਦਿਤੇ ਹਨ। ਨਾਲ ਹੀ ਇਨ੍ਹਾਂ ਨੂੰ ਚੋਣ ਜਿੱਤਣ ਲਈ ਕਰੜੀ ਤਿਆਰੀ ਕਰਨ ਦੇ ਨਿਰਦੇਸ਼ ਵੀ ਦਿਤੇ ਹਨ। ਮੰਗਲਵਾਰ ਨੂੰ ਹੋਈ ਕੋਰ ਕਮੇਟੀ ਦੀ ਬੈਠਕ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਈ ਗਈ ਅਤੇ ਪੰਜ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਵੀ ਕਰ ਦਿਤਾ ਗਿਆ ਹੈ।
ਪਹਿਲੇ ਐਲਾਨ ਦੇ ਮੁਤਾਬਕ, ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋਫੈਸਰ ਸੰਧੂ ਸਿੰਘ, ਹੋਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਆਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿਲ ਚੋਣਾਂ ਵਿਚ ਖੜੇ ਹੋਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਕੋਰ ਕਮੇਟੀ ਦੀ ਬੈਠਕ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਪ੍ਰਧਾਨਗੀ ਵਿਚ ਹੋਈ ਸੀ, ਜਿਸ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਬਣਾਈ ਗਈ।
ਆਪ ਵਲੋਂ ਜਾਰੀ ਬਿਆਨ ਵਿਚ ਚੇਅਰਮੈਨ ਬੁੱਧ ਰਾਮ ਨੇ ਦੱਸਿਆ ਕਿ ਬੈਠਕ ਵਿਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਉਮੀਦਵਾਰਾਂ ਦੇ ਸੰਗ੍ਰਹਿ ਲਈ ਪਾਰਟੀ ਦੇ ਵਲੰਟੀਅਰਾਂ ਨੂੰ ਪ੍ਰਾਥਮਿਕਤਾ ਦਿਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਯੋਜਨਾ ਲੋਕ ਸਭਾ ਚੋਣਾਂ ਲਈ ਉਮੀਦਵਾਰ ਚੋਣ ਪ੍ਰਕਿਰਿਆ ਦਾ ਪਹਿਲਾ ਪੜਾਅ ਨਵੰਬਰ ਦੇ ਅਖੀਰ ਤੱਕ ਮੁਕੰਮਲ ਕਰਨ ਦੀ ਹੈ। ਉਥੇ ਹੀ ਦਸੰਬਰ ਦੇ ਅਖੀਰ ਤੱਕ ਸਾਰੇ ਉਮੀਦਵਾਰਾਂ ਦਾ ਨਾਮ ਐਲਾਨ ਕਰ ਦਿਤਾ ਜਾਵੇਗਾ।
ਪੂਰੀ ਚੋਣ ਪ੍ਰਕਿਰਿਆ ਕੋਰ ਕਮੇਟੀ ਪੰਜਾਬ ਵਲੋਂ ਹੀ ਪੂਰੀ ਕੀਤੀ ਜਾਵੇਗੀ। ਕੋਰ ਕਮੇਟੀ ਵਲੋਂ ਚੁਣੇ ਗਏ ਨਾਮ ਆਖਰੀ ਮੋਹਰ ਲਈ ਪਾਰਟੀ ਦੀ ਰਾਸ਼ਟਰੀ ਪੀਏਸੀ ਦੇ ਕੋਲ ਭੇਜੀ ਜਾਵੇਗੀ। ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਤੋਂ ਪਾਰਦਰਸ਼ੀ ਅਤੇ ਡੈਮੋਕ੍ਰੇਟਿਕ ਹੋਵੇਗੀ।