ਪਾਕਿ ਜਾਣ ਵਾਲਾ 31 ਮੈਂਬਰੀ ਵਫ਼ਦ ਤੈਅ ਤਰੀਕ ਨੂੰ ਵਾਹਗਾ ਨਹੀਂ ਟੱਪ ਸਕਿਆ
ਪਾਕਿਸਤਾਨ ਦੀ ਹਰੀ ਝੰਡੀ ਦੀ ਉਡੀਕ 'ਚ ਦੇਰੀ ਕਾਰਨ ਦੌਰਾ ਰੱਦ ਹੋਣ ਦੀ ਸੰਭਾਵਨਾ
ਲਾਂਘੇ ਦਾ ਸੁਨੇਹਾ ਲਿਆਉਣ ਵਾਲੇ ਨਵਜੋਤ ਸਿੰਘ ਸਿੱਧੂ ਨਾ ਕਾਂਗਰਸੀ ਨੇਤਾਵਾਂ ਅਤੇ ਨਾ ਹੀ ਵਿਧਾਇਕਾਂ ਵਾਲੀ ਸੂਚੀ 'ਚ ਸ਼ਾਮਲ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਹਿਲੀ ਪਾਤਸ਼ਾਹੀ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਉਕਤ ਸਮਾਰੋਹ ਤਹਿਤ ਪਾਕਿਸਤਾਨ ਜਾਣ ਵਾਲੇ ਚੜ੍ਹਦੇ ਪੰਜਾਬ ਦੀ ਸਰਕਾਰ ਦਾ 31 ਮੈਂਬਰੀ ਵਫ਼ਦ ਅੱਜ ਮਿੱਥੀ ਹੋਈ ਤੈਅ 29 ਅਕਤੂਬਰ ਨੂੰ ਵਾਹਗਾ ਟੱਪ ਲਹਿੰਦੇ ਪੰਜਾਬ ਨਹੀਂ ਅੱਪੜ ਸਕਿਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰੀਬ ਦੋ ਹਫ਼ਤਿਆਂ ਤੋਂ ਹੀ ਇਹ ਵਫ਼ਦ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਨਨਕਾਣਾ ਸਾਹਿਬ ਤੇ ਹੋਰਨਾਂ ਪਾਵਨ ਥਾਵਾਂ 'ਤੇ ਭੇਜਣ ਲਈ ਬੜੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਸਨ।
ਪਰ ਪਹਿਲਾਂ ਵੀਜ਼ੇ ਲਈ ਭਰੇ ਜਾਣ ਵਾਲੇ ਪਾਕਿਸਤਾਨ ਸਰਕਾਰ ਦੇ ਫ਼ਾਰਮ ਸਬੰਧੀ ਅਸਪਸ਼ਟਤਾ ਹੋਣ ਕਾਰਨ ਬੇਵਜ੍ਹਾ ਦੀ ਦੇਰੀ ਹੋਈ। ਫਿਰ ਮਿਲ ਰਹੀ ਜਾਣਕਾਰੀ ਮੁਤਾਬਕ ਭਾਰਤ ਸਰਾਕਰ ਦੇ ਪੱਧਰ ਉਤੇ ਹੀ ਕਾਫ਼ੀ ਢਿੱਲ-ਮੱਠ ਰਹੀ ਅਤੇ ਆਖ਼ਰ ਦੌਰੇ ਤੋਂ ਮਹਿਜ਼ ਚੰਦ ਘੰਟੇ ਪਹਿਲਾਂ ਸੋਮਵਾਰ 28 ਅਕਤੂਬਰ ਨੂੰ ਪਾਕਿਸਤਾਨ ਦੇ ਭਾਰਤ ਸਥਿਤ ਦੂਤਾਵਾਸ ਨਾਲ ਮੁਕੰਮਲ ਦਸਤਾਵੇਜ਼ ਸਾਂਝੇ ਕੀਤੇ ਜਾ ਸਕੇ। ਇਸ ਵਫ਼ਦ ਵਿਚ ਪੰਜਾਬ ਸਰਕਾਰ ਦੇ ਪੰਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ,
ਓਮ ਪ੍ਰਕਾਸ਼ ਸੋਨੀ ਅਤੇ ਬਲਬੀਰ ਸਿੰਘ ਸਿੱਧੂ ਦੇ ਨਾਲ-ਨਾਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਗੁਰਜੀਤ ਸਿੰਘ ਔਜਲਾ (ਦੋਵੇਂ ਕਾਂਗਰਸੀ), ਪੰਜਾਬ ਵਿਧਾਨ ਸਭਾ 'ਚ ਨੇਤਾ ਵਿਰੋਧੀ ਧਿਰ ਆਪ ਵਿਧਾਇਕ ਹਰਪਾਲ ਸਿੰਘ ਚੀਮਾ, ਪੰਜਾਬ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਧਾਇਕ ਦਲ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਪਰਮਿੰਦਰ ਸਿੰਘ ਪਿੰਕੀ, ਪੰਜਾਬ ਸਰਕਾਰ ਦੇ 9 ਆਈ.ਏ.ਐਸ. ਅਤੇ ਆਈ.ਪੀ.ਐਸ. ਅਫ਼ਸਰ ਤੇ ਵੱਖ-ਵੱਖ ਅਦਾਰਿਆਂ ਦੇ ਸੀਨੀਅਰ ਪੱਤਰਕਾਰ ਸ਼ਾਮਲ ਹਨ।
ਇਨ੍ਹਾਂ 'ਚੋਂ ਆਈ.ਪੀ.ਐਸ. ਅਤੇ ਪੀ.ਸੀ.ਐਸ. ਅਫ਼ਸਰਾਂ ਦੀ ਅਗਵਾਈ ਕਰ ਰਹੇ ਸਕੱਤਰ ਪੀ.ਡਬਲਿਊ.ਡੀ. ਹੁਸਨ ਲਾਲ ਨੇ ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਅੱਜ ਤੈਅ ਤਰੀਕ ਉਤੇ ਵਫ਼ਦ ਨਾ ਜਾ ਰਿਹਾ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਵਲੋਂ ਦਸਤਾਵੇਜ਼ ਪੂਰੇ ਕਰ ਕੇ ਭਾਰਤ ਸਰਕਾਰ ਨੂੰ ਸੌਂਪੇ ਜਾ ਚੁੱਕੇ ਹਨ ਅਤੇ ਪਾਕਿਸਤਾਨ ਦੂਤਾਵਾਸ ਕੋਲ ਪਹੁੰਚ ਚੁੱਕਾ ਹੈ। ਉਨ੍ਹਾਂ ਹਾਲੇ ਵੀ ਉਮੀਦ ਜਾਹਰ ਕੀਤੀ ਹੈ ਕਿ 30 ਅਕਤੂਬਰ ਸ਼ਾਮ ਤਕ ਕਿਸੇ ਵੇਲੇ ਵੀ ਪਾਕਿਸਤਾਨ ਵਲੋਂ ਹਰੀ ਝੰਡੀ ਮਿਲ ਸਕਦੀ ਹੈ। ਦਸਣਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਪੰਜਾਬ ਸਰਕਾਰ ਦਾ ਵਫ਼ਦ ਪਾਕਿਸਤਾਨ ਜਾਣਾ ਸੀ, ਜੋ ਕਿਸੇ ਕਾਰਨ ਉਦੋਂ ਵੀ ਨਹੀਂ ਜਾ ਸਕਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।