ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਨਹੀਂ ਆਵੇਗੀ ਕੋਈ ਮੁਸ਼ਕਲ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਨੇ  80 ਇੰਮੀਗ੍ਰੇਸ਼ਨ ਕਾਊਂਟਰ ਬਣਾਏ

Pakistan has set up 80 immigration counters at the Kartarpur corridor

ਇਸਲਾਮਾਬਾਦ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਲਈ ਭਾਰਤ ਵਲੋਂ ਜਾਣ ਵਾਲੀ ਸੰਗਤ ਲਈ ਤਿਆਰੀਆਂ ਅੰਤਮ ਪੜਾਅ 'ਤੇ ਹਨ। ਪਾਕਿਸਤਾਨ ਸਰਕਾਰ ਦਰਸ਼ਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਣਾ ਚਾਹੁੰਦੀ। ਇਸੇ ਕਰ ਕੇ ਸ਼ਰਧਾਲੂਆਂ ਨੂੰ ਛੇਤੀ ਕਲੀਅਰੈਂਸ ਦੇਣ ਲਈ ਪਾਕਿਸਤਾਨ ਨੇ 80 ਮਾਈਗ੍ਰੇਸ਼ਨ ਕਾਊਂਟਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਇਹ ਸਾਰੇ ਕਾਊਂਟਰ ਕਰਤਾਰਪੁਰ ਸਾਹਿਬ ਤੋਂ 4 ਕਿਲੋਮੀਟਰ ਪਹਿਲਾਂ ਜੀਰੋ ਪੁਆਇੰਟ 'ਤੇ ਲਗਾਏ ਜਾਣਗੇ।

ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਭਾਰਤ ਅਤੇ ਪਾਕਿਸਤਾਨ 'ਚ ਬੀਤੇ ਹਫ਼ਤੇ ਹੀ ਇਕ ਸਮਝੌਤਾ ਹੋਇਆ ਹੈ। ਇਸ ਸਮਝੌਤੇ ਤਹਿਤ ਭਾਰਤੀ ਨਾਗਰਿਕ ਬਗੈਰ ਵੀਜ਼ਾ ਕਰਤਾਰਪੁਰ ਜਾ ਕੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਜ਼ਿਕਰਯੋਗ ਹੈ ਕਿ ਕਰਤਾਰਪੁਰ 'ਚ ਗੁਰਦੁਆਰਾ ਦਰਬਾਰ ਸਾਹਿਬ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੇ 18 ਸਾਲ ਇਥੇ ਬਿਤਾਏ ਸਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਭਾਰਤ ਵਲੋਂ ਸਿੱਖ ਸ਼ਰਧਾਲੂਆਂ ਨੂੰ 10 ਨਵੰਬਰ ਤੋਂ ਦਰਸ਼ਨ ਕਰਨ ਦੀ ਮਨਜੂਰੀ ਹੋਵੇਗੀ।

ਪਾਕਿਸਤਾਨ ਭਾਰਤ ਤੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਹਰੇਕ ਸ਼ਰਧਾਲੂ ਤੋਂ 20 ਅਮਰੀਕੀ ਡਾਲਰ ਦੀ ਫੀਸ ਲਵੇਗਾ। ਰੋਜ਼ਾਨਾ 5000 ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣਗੇ। ਸਾਰੇ ਸ਼ਰਧਾਲੂਆਂ ਨੂੰ ਰੋਜ਼ਾਨਾ ਸ਼ਾਮੀਂ 5 ਵਜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਤੋਂ ਵਾਪਸੀ ਕਰਨੀ ਹੋਵੇਗੀ। ਕਿਸੇ ਵੀ ਯਾਤਰੀ ਨੂੰ ਕਰਤਾਰਪੁਰ ਸਾਹਿਬ 'ਚ ਰਾਤ ਨੂੰ ਰੁਕਣ ਦੀ ਇਜ਼ਾਜਤ ਨਹੀਂ ਹੋਵੇਗੀ।