ਲੈਫਟੀਨੈਂਟ ਜਨਰਲ ਮਨੋਜ ਮਾਗੋ ਨੇ ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਵਜੋਂ ਅਹੁਦਾ ਸੰਭਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਮਾਂਡੈਂਟ ਐਨ.ਡੀ.ਸੀ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਵੱਕਾਰੀ 10 ਕੋਰ ਦੀ ਕਮਾਂਡ ਸੰਭਾਲ ਰਹੇ ਸਨ।

Lieutenant General Manoj Kumar Mago

ਚੰਡੀਗੜ੍ਹ: ਲੈਫਟੀਨੈਂਟ ਜਨਰਲ ਮਨੋਜ ਕੁਮਾਰ ਮਾਗੋ, ਵਾਈ.ਐਸ.ਐਮ., ਬਾਰ ਟੂ ਸੈਨਾ ਮੈਡਲ ਨੇ ਅੱਜ ਏਅਰ ਮਾਰਸ਼ਲ ਡੀ ਚੌਧਰੀ, ਏ.ਵੀ.ਐਸ.ਐਮ., ਵੀ.ਐਮ., ਵੀ.ਐਸ.ਐਮ. ਦੇ ਸੇਵਾਮੁਕਤ ਹੋਣ ਉਪਰੰਤ ਨੈਸ਼ਨਲ ਡਿਫੈਂਸ ਕਾਲਜ ਦੇ 34ਵੇਂ ਕਮਾਂਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਕਮਾਂਡੈਂਟ ਐਨ.ਡੀ.ਸੀ. ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਵੱਕਾਰੀ 10 ਕੋਰ ਦੀ ਕਮਾਂਡ ਸੰਭਾਲ ਰਹੇ ਸਨ। ਲੁਧਿਆਣਾ ਦੇ ਰਹਿਣ ਵਾਲੇ ਲੈਫਟੀਨੈਂਟ ਜਨਰਲ ਮਾਗੋ ਭਾਰਤੀ ਮਿਲਟਰੀ ਅਕੈਡਮੀ, ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਹਨ ਅਤੇ 15 ਦਸੰਬਰ, 1984 ਨੂੰ 7ਵੀਂ ਬਟਾਲੀਅਨ ਬ੍ਰਿਗੇਡ ਆਫ਼ ਦਿ ਗਾਰਡਜ਼ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ 16 ਗਾਰਡਜ਼ ਦੀ ਕਮਾਂਡ ਸੰਭਾਲੀ।

36 ਸਾਲਾਂ ਤੋਂ ਵੱਧ ਦੇ ਆਪਣੇ ਸ਼ਾਨਦਾਰ ਮਿਲਟਰੀ ਕਰੀਅਰ ਦੌਰਾਨ ਜਨਰਲ ਅਫਸਰ ਨੇ ਚੁਣੌਤੀਪੂਰਨ ਮਾਹੌਲ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਇਆ। ਉਹਨਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਲਾਈਨ ਆਫ਼ ਕੰਟਰੋਲ ‘ਤੇ ਸਭ ਤੋਂ ਵੱਡੀ ਅਤੇ ਚੁਣੌਤੀਪੂਰਨ ਇਨਫੈਂਟਰੀ ਬ੍ਰਿਗੇਡ ਅਤੇ ਇਨਫੈਂਟਰੀ ਡਿਵੀਜ਼ਨ ਦੀ ਵੀ ਕਮਾਂਡ ਸੰਭਾਲੀ। ਲੈਫਟੀਨੈਂਟ ਜਨਰਲ ਮਨੋਜ ਕੁਮਾਰ ਮਾਗੋ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਸਾਬਕਾ ਵਿਦਿਆਰਥੀ ਹਨ ਅਤੇ ਵੱਕਾਰੀ ਹਾਇਰ ਕਮਾਂਡ ਅਤੇ ਨੈਸ਼ਨਲ ਡਿਫੈਂਸ ਕਾਲਜ ਕੋਰਸਾਂ ਵਿੱਚ ਸ਼ਾਮਲ ਹੋਏ।

ਉਹਨਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਇੱਕ ਮਾਊਂਟੇਨ ਬ੍ਰਿਗੇਡ (ਕਾਊਂਟਰ ਇੰਸਰਜੈਂਸੀ ਆਪਰੇਸ਼ਨਸ) ਦੇ ਬ੍ਰਿਗੇਡ ਮੇਜਰ, ਮਿਲਟਰੀ ਆਪਰੇਸ਼ਨ ਡਾਇਰੈਕਟੋਰੇਟ ਵਿੱਚ ਡਾਇਰੈਕਟਰ ਅਤੇ ਹੈੱਡਕੁਆਰਟਰ ਦੱਖਣੀ ਕਮਾਂਡ ਦੇ ਡਿਪਟੀ ਮਿਲਟਰੀ ਸਕੱਤਰ, ਹੈੱਡਕੁਆਰਟਰ ਸਟ੍ਰੈਟਜਿਕ ਫੋਰਸਿਜ਼ ਕਮਾਂਡ ਵਿੱਚ ਪ੍ਰਿੰਸੀਪਲ ਡਾਇਰੈਕਟਰ ਅਤੇ ਐਮਓਡੀ (ਆਰਮੀ) ਦੇ ਏਕੀਕ੍ਰਿਤ ਮੁੱਖ ਦਫਤਰ ਵਿੱਚ ਡੀ.ਜੀ. ਓ.ਐਲ. ਅਤੇ ਐਸ.ਐਮ. ਵਜੋਂ ਆਪਰੇਸ਼ਨਲ ਲੌਜਿਸਟਿਕਸ ਦੀ ਜਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਉਹਨਾਂ ਨੇ ਡਾਇਰੈਕਟਿੰਗ ਸਟਾਫ, ਸੀਨੀਅਰ ਕਮਾਂਡ ਵਿੰਗ, ਆਰਮੀ ਵਾਰ ਕਾਲਜ, ਮਹੂ ਅਤੇ ਸਭ ਤੋਂ ਵੱਕਾਰੀ ਅਤੇ ਪ੍ਰਸਿੱਧ ਸੰਸਥਾ ਕਾਊਂਟਰ ਇਨਸਰਜੈਂਸੀ ਐਂਡ ਜੰਗਲ ਵਾਰਫੇਅਰ ਸਕੂਲ ਦੇ ਕਮਾਂਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ।

ਲੈਫਟੀਨੈਂਟ ਜਨਰਲ ਮਾਗੋ ਨੂੰ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਲਈ ਯੁੱਧ ਸੇਵਾ ਮੈਡਲ ਅਤੇ ਸੈਨਾ ਮੈਡਲ (ਦੋ ਵਾਰ) ਨਾਲ ਸਨਮਾਨਿਤ ਕੀਤਾ ਗਿਆ ਹੈ।ਜਨਰਲ ਅਫਸਰ ਨੇ ਸੋਮਾਲੀਆ (ਯੂ.ਐਨ.ਓ.ਐਸ.ਓ.ਐਮ-Il) ਵਿੱਚ ਸੰਯੁਕਤ ਰਾਸ਼ਟਰ ਦੀਆਂ ਦੋ ਸ਼ਾਂਤੀ ਰੱਖਿਅਕ ਅਸਾਈਨਮੈਂਟਾਂ ਵਿੱਚ ਅਤੇ ਕਾਂਗੋ (ਐਮ.ਓ.ਐਨ.ਯੂ.ਐਸ.ਸੀ.ਓ.) ਵਿੱਚ ਫੋਰਸ ਚੀਫ਼ ਆਫ਼ ਸਟਾਫ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਿੱਥੇ ਉਹਨਾਂ ਨੂੰ ਫੋਰਸ ਕਮਾਂਡਰ (ਐਮ.ਓ.ਐਨ.ਯੂ.ਐਸ.ਸੀ.ਓ.) ਕੋਮੈਂਡੇਸ਼ਨ ਨਾਲ ਸਨਮਾਨਿਤ ਕੀਤਾ ਗਿਆ।