ਪੰਜਾਬੀ ਕੌਮ ਬਾਰੇ ਵਿਵਾਦਿਤ ਬਿਆਨ ਮਗਰੋਂ ਕੈਬਨਿਟ ਮੰਤਰੀ ਇੰਦਰਬੀਰ ਨਿੱਜਰ ਨੇ ਮੰਗੀ ਮੁਆਫ਼ੀ
ਕਿਹਾ- ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ, ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ
ਅੰਮ੍ਰਿਤਸਰ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਇਕ ਬਿਆਨ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਦਰਅਸਲ ਕੈਬਨਿਟ ਮੰਤਰੀ ਨੇ ਫਸਲੀ ਵਿਭਿੰਨਤਾ ’ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਤੋਂ ਵੱਡੀ 'ਬੇਵਕੂਫ਼ ਕੌਮ' ਕੋਈ ਨਹੀਂ। ਪਹਿਲਾਂ ਅਸੀਂ ਨਹਿਰੀ ਪਾਣੀ ਵਰਤਦੇ ਸੀ ਪਰ ਹੁਣ ਕੋਈ ਨਹੀਂ ਵਰਤਦਾ। ਮੁਫ਼ਤ ਬਿਜਲੀ ਨੇ ਕਿਸਾਨਾਂ ਨੂੰ ਅਰਾਮਪ੍ਰਸਤ ਬਣਾ ਦਿੱਤਾ। ਹੁਣ ਕੋਈ ਨਹਿਰੀ ਪਾਣੀ ਦੀ ਮੰਗ ਨਹੀਂ ਕਰਦਾ।
ਉਹਨਾਂ ਕਿਹਾ ਕਿ ਹੁਣ ਤਾਂ ਕਿਸਾਨ ਇਹ ਚਾਹੁੰਦੇ ਹਨ ਕਿ ਇਕ ਸਵਿੱਚ ਛੱਡੋ ਅਤੇ ਮੋਟਰ ਰਾਹੀਂ ਪਾਣੀ ਉਹਨਾਂ ਦੇ ਕੋਲ ਆ ਜਾਵੇ। ਨਹਿਰੀ ਪਾਣੀ ਨੂੰ ਖੇਤਾਂ ਵਿਚ ਲਗਾਉਣ ਲਈ ਮਿਹਨਤ ਕਰਨੀ ਪੈਂਦੀ ਹੈ, ਨੱਕੇ ਮੋੜਨੇ ਪੈਂਦੇ ਹਨ। ਉਹਨਾਂ ਦੇ ਇਸ ਬਿਆਨ ਦੀ ਕਈ ਸਿਆਸੀ ਅਤੇ ਕਿਸਾਨੀ ਆਗੂਆਂ ਨੇ ਅਲੋਚਨਾ ਵੀ ਕੀਤੀ।
ਬਿਆਨ ਨੂੰ ਲੈ ਕੇ ਵਿਵਾਦ ਗਰਮਾਉਣ ਮਗਰੋਂ ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੁਆਫ਼ੀ ਮੰਗੀ ਹੈ। ਉਹਨਾਂ ਕਿਹਾ ਕਿ ਮੇਰੇ ਬਿਆਨ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਭਾਰੀ ਠੇਸ ਪਹੁੰਚੀ ਹੈ, ਇਸ ਲਈ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।