ਸੂਬਾ ਸਰਕਾਰ ਦੀ ਬੰਦ ਪਏ ਅਰਾਮ ਘਰਾਂ ਨੂੰ ਮੁੜ ਸ਼ੁਰੂ ਕਰਨ ਦੀ ਕਵਾਇਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਤ ਨਹਿਰੀ ਅਰਾਮ ਘਰਾਂ ਦਾ ਨਵੀਨੀਕਰਨ ਕਰਕੇ ਮੁੜ ਸ਼ੁਰੂ ਕੀਤੇ ਜਾਣਗੇ: ਵਿਜੈ ਕੁਮਾਰ ਜੰਜੂਆ

Punjab Chief Secretary Vijay Kumar Janjua in a meeting with the officials

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਸਰਕਾਰੀ ਸਰਕਟ ਹਾਊਸ/ਅਰਾਮ ਘਰਾਂ ਅੰਦਰ ਹੀ ਠਹਿਰਨ ਨੂੰ ਤਰਜੀਹ ਦੇਣ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਵਰਤੋਂ ਵਿੱਚ ਲਿਆਉਣ ਦੇ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਬੰਦ ਪਏ ਸੱਤ ਨਹਿਰੀ ਅਰਾਮ ਘਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਦਾ ਨਵੀਨੀਕਰਨ ਕਰਕੇ ਮੁੜ ਚਾਲੂ ਕੀਤਾ ਜਾਵੇਗਾ। ਇਹ ਫੈਸਲਾ ਅੱਜ ਇਥੇ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਨਹਿਰੀ ਅਰਾਮ ਘਰਾਂ ਨੂੰ ਮੁੜ ਕਾਰਜਸ਼ੀਲ ਕਰਨ ਲਈ ਜਲ ਸ੍ਰੋਤ ਵਿਭਾਗ ਤੇ ਪੰਜਾਬ ਰਾਜ ਬੁਨਿਆਦੀ ਢਾਂਚਾ (ਪੀ.ਆਈ.ਡੀ.ਬੀ.) ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕੀਤਾ ਗਿਆ।

ਮੀਟਿੰਗ ਉਪਰੰਤ ਵੇਰਵੇ ਦਿੰਦਿਆਂ ਮੁੱਖ ਸਕੱਤਰ ਸ੍ਰੀ ਜੰਜੂਆ ਨੇ ਦੱਸਿਆ ਕਿ ਸੂਬੇ ਵਿੱਚ ਨਹਿਰਾਂ ਦੇ ਕੰਢੇ ਬਣੇ ਕਈ ਨਹਿਰੀ ਅਰਾਮ ਘਰ ਪਿਛਲੇ ਲੰਬੇ ਅਰਸੇ ਤੋਂ ਬੰਦ ਪਏ ਹਨ ਅਤੇ ਉਨ੍ਹਾਂ ਦੀ ਹਾਲਤ ਵੀ ਕਾਫੀ ਖਸਤਾ ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਸੱਤ ਅਰਾਮ ਘਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਨੂੰ ਪੀ.ਪੀ.ਪੀ. ਮੋਡ ਉਤੇ ਨਵੀਨੀਕਰਨ ਕਰਕੇ ਚਲਾਇਆ ਜਾ ਸਕਦਾ ਹੈ। ਇਹ ਅਰਾਮ ਘਰ ਢੋਲਬਾਹਾ (ਹੁਸ਼ਿਆਰਪੁਰ), ਖੰਨਾ, ਬਨੂੜ, ਕੱਥੂ ਨੰਗਰ (ਅੰਮ੍ਰਿਤਸਰ), ਸਿੱਧਵਾਂ ਬੇਟ (ਲੁਧਿਆਣਾ) ਤੇ ਚਮਕੌਰ ਸਾਹਿਬ ਸਥਿਤ ਹਨ।

ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੇ ਨਵੀਨੀਕਰਨ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਇਨ੍ਹਾਂ ਅਰਾਮ ਘਰਾਂ ਦੀ ਵਿਰਾਸਤੀ ਦਿੱਖ ਨਾਲ ਕੋਈ ਖਿਲਵਾੜ ਨਾ ਕੀਤਾ ਜਾਵੇ ਅਤੇ ਪੁਰਾਤਨ ਰਵਾਇਤੀ ਦਿੱਖ ਨੂੰ ਕਾਇਮ ਰੱਖਦਿਆਂ ਮੌਜੂਦਾ ਲੋੜਾਂ ਅਨੁਸਾਰ ਅੰਦਰੋਂ ਤਿਆਰ ਕੀਤਾ ਜਾਵੇ। ਉਨ੍ਹਾਂ ਜਲ ਸ੍ਰੋਤ ਵਿਭਾਗ ਨੂੰ ਹੋਰਨਾਂ ਅਜਿਹੇ ਅਰਾਮ ਘਰਾਂ ਦੀ ਸ਼ਨਾਖਤ ਕਰਨ ਬਾਰੇ ਕਿਹਾ ਜਿਹੜੇ ਇਸ ਵੇਲੇ ਖਸਤਾ ਹਾਲ ਕਾਰਨ ਬੰਦ ਪਏ ਹਨ ਅਤੇ ਇਨ੍ਹਾਂ ਨੂੰ ਦੂਜੇ ਪੜਾਅ ਵਿੱਚ ਤਿਆਰ ਕੀਤਾ ਜਾਵੇ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜਲ ਸ੍ਰੋਤ ਕ੍ਰਿਸ਼ਨ ਕੁਮਾਰ, ਪੀ.ਆਈ.ਡੀ.ਬੀ. ਦੇ ਐਮ.ਡੀ. ਮੁਹੰਮਦ ਤਈਅਬ ਤੇ ਐਡੀਸ਼ਨਲ ਐਮ.ਡੀ. ਯਸ਼ਨਜੀਤ ਸਿੰਘ ਵੀ ਹਾਜ਼ਰ ਸਨ।