ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਕਿਸਾਨ ਅੰਦੋਲਨ ਕਾਰਨ ਹੋਈ- ਬਲਬੀਰ ਸਿੰਘ ਰਾਜੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਬਹੁਤ ਖੁਸ਼ ਹੈ।

Balbir Singh Rajewal

ਚੰਡੀਗੜ੍ਹ: ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਨੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਦੇ ਚਲਦਿਆਂ ਅੱਜ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਲੋਕ ਇਕੱਠੇ ਹੋਏ। ਸਮਾਰੋਹ ਨੂੰ ਸਬੰਧੋਨ ਕਰਦਿਆਂ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਬਹੁਤ ਖੁਸ਼ ਹੈ।

ਉਹਨਾਂ ਕਿਹਾ ਕਿ ਅਸਲ ਵਿਚ ਇਹ ਜਿੱਤ ਕਿਸਾਨ ਅੰਦੋਲਨ ਕਾਰਨ ਹੋਈ ਹੈ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਵਿਚ ਲੋਕ ਹੁਣ ਕਾਂਗਰਸ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸਾਨ ਅੰਦੋਲਨ ਜਿੱਤਿਆ ਹੈ, ਇਸ ਤੋਂ ਬਾਅਦ ਲੋਕਾਂ ਨੇ ਸਾਨੂੰ ਪੰਜਾਬ ਦੀ ਸਿਆਸਤ ਵਿਚ ਪਈ ਗੰਦਗੀ ਨੂੰ ਸਾਫ ਕਰਨ ਲਈ ਕਿਹਾ ਹੈ, ਇਸੇ ਲਈ ਉਹਨਾਂ ਵਲੋਂ ਸੰਯੁਕਤ ਸਮਾਜ ਮੋਰਚਾ ਨਾਂਅ ਦੀ ਪਾਰਟੀ ਬਣਾਈ ਗਈ ਹੈ।

ਉਹਨਾਂ ਕਿਹਾ ਕਿ ਹੁਣ ਪੰਜਾਬ ਵਿਚ ਥਾਂ-ਥਾਂ ਵੱਡੇ ਪ੍ਰੋਗਰਾਮ ਕਰਨੇ ਹੋਣਗੇ, ਨੌਜਵਾਨਾਂ ਨੂੰ ਪਿੰਡ-ਪਿੰਡ ਜਾਣਾ ਹੋਵੇਗਾ ਤਾਂ ਜੋ ਚੋਣਾਂ ਵਿਚ ਸਫਲਤਾ ਮਿਲ ਸਕੇ।ਇਸ ਦੌਰਾਨ ਉਹਨਾਂ ਕਿਹਾ ਸਾਡੇ ਕੁਦਰਤੀ ਸੋਮੇ ਲੁੱਟੇ ਜਾ ਰਹੇ ਹਨ। ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਪੰਜਾਬ ਨੂੰ ਲੁੱਟ ਰਹੇ ਹਨ।

ਉਹਨਾਂ ਕਿਹਾ ਕਿ ਹਰ ਸਾਲ 1 ਲੱਖ ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਜੇਕਰ ਪੁਰਾਣੇ ਲੋਕਾਂ ਦੇ ਨਾਲ ਚੱਲਣਾ ਤਾਂ 2 ਸਾਲ ਹੀ ਰਹਿ ਗਏ ਹਨ। ਜੇਕਰ ਪੰਜਾਬ ਨੂੰ ਬਚਾਉਣਾ ਤਾਂ ਸਾਡਾ ਸਾਥ ਦਿਓ। ਉਹਨਾਂ ਕਿਹਾ ਕਿ ਇਹ ਹਰ ਘਰ ਦੀ ਲੜਾਈ ਹੈ, ਇਸ ਨੂੰ ਮਿਲ ਕੇ ਲੜਾਂਗੇ। ਸਾਨੂੰ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ। ਇਸ ਦੇ ਲਈ ਸਾਰਿਆਂ ਨੂੰ ਮੈਦਾਨ ਵਿਚ ਉਤਰਨਾ ਪਵੇਗਾ।