ਪਟਿਆਲਾ : ਪੰਜਾਬੀ ਸਾਹਿਤ ਜਗਤ ਦੀ ਉਘੀ ਹਸਤੀ ਦਲੀਪ ਕੌਰ ਟਿਵਾਣਾ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ ਤੇ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਸਨ। 84 ਸਾਲਾ ਦੇ ਦਲੀਪ ਕੌਰ ਟਿਵਾਣਾ ਪਦਮਸ੍ਰੀ ਤੇ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਸਨ।
ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਤ ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਦੀ ਪ੍ਰਮੁਖ ਨਾਵਲਕਾਰ ਸਨ। ਪੰਜਾਬੀ ਸਾਹਿਤ ਜਗਤ ਵਿਚ ਉਹ ਪਹਿਲੀ ਔਰਤ ਸਨ ਜਿਸ ਦੀ ਰਚਨਾ 'ਕਥਾ ਕਹੋ ਉਰਵਸ਼ੀ' ਨੂੰ ਕੇ.ਕੇ. ਬਿਰਲਾ ਫ਼ਾਊਂਡੇਸ਼ਨ ਵਲੋਂ ਸਰਸਵਤੀ ਸਨਮਾਨ ਦਿਤਾ ਗਿਆ । ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਸਾਹਿਤਕਾਰ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਅਤੇ ਪੰਜਾਬੀ ਅਕਾਦਮੀ ਦਿੱਲੀ ਦਾ ਦਹਾਕੇ (1980-90) ਦੀ ਸਰਬੋਤਮ ਨਾਵਲਕਾਰ ਪੁਰਸਕਾਰ ਵੀ ਡਾ: ਟਿਵਾਣਾ ਨੂੰ ਪ੍ਰਾਪਤ ਹੋਇਆ।
ਇਸ ਤੋਂ ਬਿਨਾਂ ਉਸ ਦੁਆਰਾ ਬੱਚਿਆਂ ਲਈ ਰਚਿਤ ਪੁਸਤਕ 'ਪੰਜਾਂ ਵਿਚ ਪ੍ਰਮੇਸ਼ਰ' ਨੂੰ ਸਿਖਿਆ ਅਤੇ ਸਮਾਜ ਭਲਾਈ ਮੰਤਰਾਲੇ ਵਲੋਂ ਸਨਮਾਨਿਆ ਗਿਆ । ਟਿਵਾਣਾ ਦੀ ਸ੍ਵੈਜੀਵਨੀ 'ਨੰਗੇ ਪੈਰਾਂ ਦਾ ਸਫ਼ਰ' ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਗੁਰਮੁਖ ਸਿੰਘ ਮੁਸਾਫ਼ਿਰ ਐਵਾਰਡ ਪ੍ਰਾਪਤ ਹੋਇਆ।
ਡਾ: ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਟੀ ਵਿਚ ਲੈਕਚਰਾਰ ਬਣ ਕੇ ਆਉਣ ਵਾਲੀ ਪਹਿਲੀ ਔਰਤ ਸਨ, ਫਿਰ ਔਰਤਾਂ ਵਿਚੋਂ ਪ੍ਰੋਫ਼ੈਸਰ, ਵਿਭਾਗ ਦੀ ਮੁਖੀ, ਡੀਨ ਭਾਸ਼ਾਵਾਂ ਵੀ ਸੱਭ ਤੋਂ ਪਹਿਲਾਂ ਬਣੇ। ਭਾਰਤ ਸਰਕਾਰ ਵਲੋਂ 2004 ਵਿਚ ਟਿਵਾਣਾ ਨੂੰ ਪਦਮਸ੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਜਲੰਧਰ ਦੂਰਦਰਸ਼ਨ ਨੇ ਟਿਵਾਣਾ ਦੀ ਸ਼ਖ਼ਸੀਅਤ ਅਤੇ ਸਿਰਜਕ ਪ੍ਰਕਿਰਿਆ ਬਾਰੇ ਇਕ ਦਸਤਾਵੇਜ਼ੀ ਫ਼ਿਲਮ 'ਸੱਚੋ ਸੱਚ ਦੱਸ ਵੇ ਜੋਗੀ' ਬਣਾਈ। ਪਰ ਏਨੀਆਂ ਸਾਰੀਆਂ ਪ੍ਰਾਪਤੀਆਂ ਤੇ ਸਨਮਾਨਾਂ ਦੇ ਬਾਵਜੂਦ ਉਹ ਬਹੁਤ ਨਿਰਮਾਣ ਅਤੇ ਸਹਿਜ ਸਨ। ਨਿਰਸੰਦੇਹ ਟਿਵਾਣਾ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਆਦਰਸ਼ ਬਣਿਆ।
ਤ੍ਰਿਪਤ ਬਾਜਵਾ ਵਲੋਂ ਦੁੱਖ ਦਾ ਪ੍ਰਗਟਾਵਾ : ਪੰਜਾਬ ਦੇ ਉਚੇਰੀ ਸਿਖਿਆ ਅਤੇ ਭਾਸ਼ਾਵਾਂ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉੱਘੀ ਪੰਜਾਬੀ ਲੇਖਿਕਾ ਅਤੇ ਅਧਿਆਪਕਾ ਡਾ. ਦਲੀਪ ਕੌਰ ਟਿਵਾਣਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 84 ਸਾਲ ਦੇ ਸਨ। ਡਾ. ਟਿਵਾਣਾ ਬੀਮਾਰ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਦੇ ਮੈਕਸ ਹਸਪਤਾਲ ਵਿਚ ਇਲਾਜ ਅਧੀਨ ਸਨ।