ਸਿੱਖ ਕੌਮ ਦੀ ਵਖਰੀ ਪਹਿਚਾਣ ਹੀ ਦਸਤਾਰ ਹੈ : ਗਿਆਨੀ ਰਘਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ਾਲਸਾਈ ਜਾਹੋ-ਜਹਾਲ ਨਾਲ ਪਹਿਲੇ ਸਿੱਖ ਫ਼ੁੱਟਬਾਲ ਕੱਪ ਦਾ ਆਗ਼ਾਜ਼

Photo

ਅੰਮ੍ਰਿਤਸਰ : ਖ਼ਾਲਸਾ ਫ਼ੁੱਟਬਾਲ ਕਲੱਬ ਅਤੇ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਵਲੋਂ ਪੰਜਾਬ ਭਰ ਵਿਚ ਆਰੰਭੇ ਪਹਿਲੇ ਸਿੱਖ ਫ਼ੁੱਟਬਾਲ ਕੱਪ ਦਾ ਉਦਘਾਟਨ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤਾ।

ਇਸ ਮੌਕੇ ਉਹਨਾਂ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸੰਤ ਕਪੂਰ ਸਿੰਘ ਸਨੇਰਾਂ ਵਾਲੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ, ਖਾਲਸਾ ਫ਼ੁੱਟਬਾਲ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਕਲੱਬ ਦੇ ਆਹੁਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਖ਼ਾਲਸਾ ਕਲੱਬ ਵਲੋਂ ਸਾਬਤ ਸੂਰਤ ਖਿਡਾਰੀਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ।

ਉਹਨਾਂ ਖਿਡਾਰੀਆਂ ਨੂੰ ਆਪਣੀ ਮੂਲ ਪਛਾਣ ਕਾਇਮ ਰਖਣ ਅਤੇ ਸਿੱਖੀ ਸਰੂਪ ਨੂੰ ਵਿਦੇਸ਼ਾਂ ਤਕ ਪ੍ਰਫੁਲੱਤ ਕਰਨ ਲਈ ਅਸੀਸ ਦਿੰਦਿਆਂ ਕਿਹਾ ਕਿ ਬਾਕੀ ਖੇਡਾਂ ਵਿਚ ਵੀ ਖਿਡਾਰੀ ਅਪਣੇ ਮੂਲ ਸਰੂਪ ਨੂੰ ਬਰਕਰਾਰ ਰੱਖਣ। ਖ਼ਾਲਸਾ ਫ਼ੁੱਟਬਾਲ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਪਛਾਣ ਵਿਚ ਗਲਤੀ ਕਰ ਕੇ ਵਿਦੇਸ਼ਾਂ ਵਿਚ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਖ਼ਾਲਸਾ ਫ਼ੁੱਟਬਾਲ ਕਲੱਬ ਵਲੋਂ ਫ਼ੁੱਟਬਾਲ ਟੀਮ ਬਣਾਈ ਜਾ ਰਹੀ ਹੈ ਜੋ ਕਿ ਜਿਥੇ ਵਿਦੇਸ਼ਾਂ ਵਿਚ ਵੱਖ-ਵੱਖ ਕਲੱਬਾਂ ਨਾਲ ਮੈਚ ਖੇਡਿਆ ਕਰੇਗੀ ਉਥੇ ਦੇਸ਼ ਵਿਚ ਵੀ ਨਾਮੀ ਕਲੱਬਾਂ ਅਤੇ ਟੂਰਨਾਮੈਂਟਾਂ ਵਿਚ ਭਾਗ ਲਵੇਗੀ।

ਖਾਲਸਾ ਐਫ.ਸੀ. ਵਲੋਂ ਭਵਿੱਖ ਵਿਚ ਉਤਰੀ ਭਾਰਤ ਦਾ ਖੇਤਰੀ ਫੁੱਟਬਾਲ ਟੂਰਨਾਂਮੈਂਟ ਕਰਵਾਉਣਾ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਅਗਲੇ ਸਾਲ ਲੜਕੀਆਂ ਦੇ ਵੀ ਫੁੱਟਬਾਲ ਟੂਰਨਾਮੈਂਟ ਹੋਣਗੇ ਅਤੇ ਚੰਡੀਗੜ ਵਿਚ ਪੰਜਾਬ ਦੀ ਤਰਜ 'ਤੇ ਵੱਖਰਾ ਸਿੱਖ ਫੁੱਟਬਾਲ ਕੱਪ ਕਰਵਾਇਆ ਜਾਵੇਗਾ। ਇਸ ਮੌਕੇ ਗਿ ਕੇਵਲ ਸਿੰਘ ਅਤੇ ਖਾਲਸਾ ਐਫ.ਸੀ. ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਵੀ ਇਸ ਟੂਰਨਾਮੈਂਟ ਨੂੰ ਖੇਡਾਂ ਦੇ ਖੇਤਰ ਵਿਚ ਇਕ ਨਵਾਂ ਅਧਿਆਏ ਜੁੜੇ ਜਾਣ ਦੀ ਗੱਲ ਆਖੀ।

ਕਲੱਬ ਦੇ ਸਕੱਤਰ ਜਨਰਲ ਡਾ. ਪ੍ਰੀਤਮ ਸਿੰਘ ਨੇ ਸਭਨਾ ਦਾ ਧੰਨਵਾਦ ਕੀਤਾ। ਗਿਆਨੀ ਕੇਵਲ ਸਿੰਘ ਨੇ ਸਮੂਹ ਦਰਸ਼ਕਾਂ, ਖਿਡਾਰੀਆਂ ਤੇ ਪਤਵੰਤੇ ਸੱਜਣਾਂ ਨੂੰ ਮੂਲ ਮੰਤਰ ਦਾ ਪੰਜ ਵਾਰ ਉਚਾਰਨ ਕਰਵਾਇਆ ਅਤੇ ਟੂਰਨਾਂਮੈਂਟ ਦੀ ਚੜਦੀਕਲਾ ਲਈ ਅਰਦਾਸ ਕੀਤੀ। ਇਸ ਮੌਕੇ ਗੁਰੂਰਾਮ ਦਾਸ ਪਬਲਿਕ ਸਕੂਲ, ਅੰਮ੍ਰਿਤਸਰ ਦੇ ਬੱਚਿਆਂ ਨੇ ਸ਼ਬਦਗਾਇਨ ਕੀਤਾ ਅਤੇ ਸਾਰੀਆਂ ਸਾਬਤ ਸੂਰਤ ਫੁੱਟਬਾਲ ਟੀਮਾਂ ਨੇ ਮਾਰਚ-ਪਾਸਟ ਵਿਚ ਹਿੱਸਾ ਲਿਆ।