ਬੁੱਤਾਂ ਸਬੰਧੀ ਲੱਗੇ ਧਰਨੇ ਨੂੰ ਸਿੱਖ ਸੰਗਤਾਂ ਵਲੋਂ ਭਰਵਾਂ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁੱਤ ਨਾ ਹਟਾਏ ਗਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ : ਭਾਈ ਕਠਿਆਲੀ

File Photo

ਅੰਮ੍ਰਿਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ) : ਅੰਮ੍ਰਿਤਸਰ ਵਿਖੇ ਬੁੱਤਾਂ ਨੂੰ ਹਟਾਉਣ ਸਬੰਧੀ ਲਗਿਆ ਮੋਰਚਾ ਦਿਨੋ-ਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਮੋਰਚੇ ਦੇ ਪੰਜਵੇਂ ਦਿਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਬੁੱਤਾਂ ਨੂੰ ਤੁਰਤ ਹਟਾਏ। ਬਾਦਲ ਪਰਵਾਰ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਬੁੱਤਾਂ ਨੂੰ ਇਥੇ ਲਗਾਉਣ ਸਮੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਦਘਾਟਨ ਕੀਤਾ।

ਇਸ ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਬਾਬਾ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ (ਮਹਿਤਾ) ਤੇ ਭਾਜਪਾ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ, ਜਿਨ੍ਹਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਏ 'ਤੇ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋਕਾਂ ਤੋਂ ਸਵਾਲਾਂ ਦੇ ਜਵਾਬ ਮੰਗੇ ਜਾਣ ਕਿ ਕਿਹੜੀ ਮਜਬੂਰੀ ਵਸ ਹੋ ਕਿ ਸਿੱਖ ਕੌਮ ਨੂੰ ਮੁਸੀਬਤਾਂ ਵਲ ਧੱਕਿਆ ਜਾ ਰਿਹਾ ਹੈ।

ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਕਮੇਟੀ ਪੰਜਾਬ ਵਲੋਂ ਭਾਈ ਤਰਲੋਚਨ ਸਿੰਘ ਸੋਹਲ, ਕੁਲਦੀਪ ਸਿੰਘ ਮੋਦੇ, ਸਰੂਪ ਸਿੰਘ ਭੁੱਚਰ, ਜਗਤਾਰ ਸਿੰਘ ਅਤੇ ਬੇਅੰਤ ਸਿੰਘਾ ਸ਼ਾਨ-ਏ-ਖ਼ਾਲਸਾ ਵਲੋਂ ਭਾਈ ਹਰਪ੍ਰੀਤ ਸਿੰਘ, ਸਿੱਖ ਤਾਲਮੇਲ ਕਮੇਟੀ ਦੇ ਭਾਈ ਹਰਪ੍ਰੀਤ ਸਿੰਘ ਟੀਟੂ, ਦੁਸ਼ਟ ਦਮਨ ਦਲ ਖ਼ਾਲਸਾ ਦੇ ਭਾਈ ਗੁਰਜੀਤ ਸਿੰਘ ਜਲੰਧਰ ਅਪਣੇ ਸਾਥੀਆਂ ਸਮੇਤ ਧਰਨੇ ਵਿਚ ਸ਼ਾਮਲ ਹੋਏ।

ਇਸ ਮੌਕੇ ਬਲਦੇਵ ਸਿੰਘ ਗੱਤਕਾ ਅਖਾੜਾ, ਸ਼ਹੀਦ ਭਾਈ ਮਨੀ ਸਿੰਘ ਮਝੈਲ, ਮਾਨਵਤਾ ਦੀ ਭਲਾਈ ਭਾਈ ਜਤਿੰਦਰ ਪਾਲ ਸਿੰਘ, ਯੂਨਿਟਿਡ ਸਿੱਖ ਜਥੇਬੰਦੀਆਂ ਯੂ ਕੇ, ਭਾਈ ਜਸਮੀਤ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਹਰਪਾਲ ਸਿੰਘ ਖ਼ਾਲਿਸਤਨੀ ਤੇ ਭਾਈ ਬਲਬੀਰ ਸਿੰਘ ਕਠਿਆਲੀ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਪੰਜਾਬ ਸਿੰਘ, ਭਾਈ ਸੁਖਦੇਵ ਸਿੰਘ ਹਰੀਆਂ ਆਦਿ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਥਾਂ ਤੋਂ ਬੁੱਤ ਨਾ ਹਟਾਏ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।