ਪੰਜਾਬ ਪੁਲਿਸ ਵੱਲੋਂ ਜੂਏ ਦੇ ਰੈਕੇਟ ਦਾ ਪਰਦਾਫਾਸ਼, ਮੈਰਿਜ ਪੈਲੇਸ ‘ਚੋਂ 10 ਔਰਤਾਂ ਸਮੇਤ 70 ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

8.42 ਲੱਖ ਰੁਪਏ ਦੀ ਨਕਦੀ, 47 ਵਾਹਨ ਅਤੇ ਸ਼ਰਾਬ ਦੀਆਂ 40 ਬੋਤਲਾਂ ਬਰਾਮਦ

Punjab Police bust major Gambling Racket in Banur

ਚੰਡੀਗੜ੍ਹ: ਅੱਜ ਕੀਤੀ ਕਾਰਵਾਈ ਵਿਚ ਪੰਜਾਬ ਪੁਲਿਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ ਨੇ ਪਟਿਆਲਾ ਜ਼ਿਲ੍ਹੇ ਵਿਚ ਸਰਗਰਮ ਜੂਏ ਦੇ ਰੈਕੇਟ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਬਨੂੜ ਦੇ ਬਾਹਰਵਾਰ ਸਥਿਤ ਸਿਟੀ ਮੈਰਿਜ ਪੈਲੇਸ ਵਿਚੋਂ 10 ਔਰਤਾਂ ਸਮੇਤ 70 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਮੌਕੇ ’ਤੇ 8.42 ਲੱਖ ਰੁਪਏ ਦੀ ਨਕਦੀ, 47 ਵਾਹਨ, ਸ਼ਰਾਬ ਦੀਆਂ 40 ਬੋਤਲਾਂ, ਤਾਸ਼ ਅਤੇ ਲੈਪਟਾਪ ਬਰਾਮਦ ਕੀਤੇ ਗਏ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਜੂਏਬਾਜ਼ੀ ਅਤੇ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਸਾਰੇ ਵਿਅਕਤੀਆਂ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗੇ ਦੀ ਜਾਣਕਾਰੀ ਲਈ ਜ਼ਬਤ ਕੀਤੇ ਲੈਪਟਾਪਾਂ ਅਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪ੍ਰਾਪਤ ਖ਼ੂਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਸੰਗਠਿਤ ਅਪਰਾਧ ਰੋਕੂ ਇਕਾਈ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ 30 ਅਤੇ 31 ਜਨਵਰੀ ਦੀ ਦਰਮਿਆਨੀ ਰਾਤ ਨੂੰ  ਸਵੇਰੇ 1 ਵਜੇ ਜ਼ੀਰਕਪੁਰ ਵੱਲ ਬਨੂੜ ਦੇ ਬਾਹਰਵਾਰ ਸਥਿਤ ਨਿਊ ਲਾਈਫ਼ ਮੈਰਿਜ ਪੈਲੇਸ ਵਿਖੇ ਛਾਪਾ ਮਾਰਿਆ ਗਿਆ।

ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਵਰਤੋਂ ਬਾਰਟੈਂਡਰਾਂ ਅਤੇ ਡਾਂਸਰਾਂ ਵਜੋਂ ਕੀਤੀ ਜਾ ਰਹੀ ਸੀ। ਪੁਲਿਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿਚ ਐਕਸਾਈਜ਼ ਐਕਟ ਦੀ ਧਾਰਾ 61/1/14, ਜੂਆ ਐਕਟ ਦੀ ਧਾਰਾ 13/3/67, ਇਮੌਰਲ ਟਰੈਫ਼ਿਕਿੰਗ ਐਕਟ ਦੀ ਧਾਰਾ 3/4/5 ਅਤੇ ਆਈ.ਪੀ.ਸੀ.ਦੀ ਧਾਰਾ 420, 120ਬੀ  ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।