ਵਿੱਤ ਵਰ੍ਹੇ ਦੇ ਆਖਰੀ ਦਿਨ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਡਗਮਗਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਨਾਲ ਜਿੱਥੇ ਮੁਲਾਜ਼ਮਾਂ ਦੀਆਂ ਕਈ ਅਦਾਇਗੀਆਂ ਰੁਕ ਗਈਆਂ ਹਨ, ਉੱਥੇ ਹੋਰ ਵੀ ਦਫਤਰੀ ਕੰਮਕਾਜ ਠੱਪ ਹੋ ਗਏ ਹਨ।

Punjab Govt stop payments due to financial crisis

ਚੰਡੀਗੜ੍ਹ: ਵਿੱਤ ਵਰ੍ਹੇ ਦੇ ਆਖਰੀ ਦਿਨ ਪੰਜਾਬ ਸਰਕਾਰ ਦੀ ਆਰਥਿਕ ਹਾਲਤ ਡਗਮਗਾ ਗਈ। ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਸਰਕਾਰ ਨੇ ਇੱਕ ਦਿਨ ਪਹਿਲਾਂ 30 ਮਾਰਚ ਨੂੰ ਹੰਗਾਮੀ ਹਾਲਤ ਵਿੱਚ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਹੁਕਮ ਦਿੱਤਾ ਕਿ ਆਪਣੇ ਪੱਧਰ ’ਤੇ ਕੋਈ ਵੀ ਬਿੱਲ ਪਾਸ ਨਾ ਕੀਤਾ ਜਾਵੇ। ਇਸ ਨਾਲ ਜਿੱਥੇ ਮੁਲਾਜ਼ਮਾਂ ਦੀਆਂ ਕਈ ਅਦਾਇਗੀਆਂ ਰੁਕ ਗਈਆਂ ਹਨ, ਉੱਥੇ ਹੋਰ ਵੀ ਦਫਤਰੀ ਕੰਮਕਾਜ ਠੱਪ ਹੋ ਗਏ ਹਨ।
 

ਸੂਤਰਾਂ ਮੁਤਾਬਕ ਵਿੱਤ ਵਿਭਾਗ ਵੱਲੋਂ ਖਜ਼ਾਨਾ ਅਫਸਰਾਂ ਨੂੰ ਜਾਰੀ ਕੀਤੇ ਪੱਤਰ ਵਿਚ ਸਾਫ ਲਿਖਿਆ ਹੈ ਕਿ ਰਾਜ ਦੀ ਵਿੱਤੀ ਸਥਿਤੀ ਠੀਕ ਨਹੀਂ ਨਾ ਹੋਣ ਕਾਰਨ ਖਜ਼ਾਨਾ ਅਫਸਰ ਵੱਲੋਂ ਆਪਣੇ ਪੱਧਰ ’ਤੇ ਕੋਈ ਵੀ ਬਿੱਲ ਪਾਸ ਨਾ ਕੀਤਾ ਜਾਵੇ।

ਜੇਕਰ ਕਿਸੇ ਖਜ਼ਾਨਾ ਅਫਸਰ ਵੱਲੋਂ ਆਪਣੇ ਪੱਧਰ ’ਤੇ ਕੋਈ ਵੀ ਬਿੱਲ ਪਾਸ ਕੀਤਾ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਹੋਵੇਗੀ। ਇਸ ਦੇ ਨਾਲ ਹੀ ਉਸ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਸਰਕਾਰ ਨੇ ਪਹਿਲਾਂ ਹੀ ਲੰਮੇ ਸਮੇਂ ਤੋਂ ਮੁਲਾਜ਼ਮਾਂ ਆਦਿ ਦੀਆਂ ਕਈ ਤਰ੍ਹਾਂ ਦੀਆਂ ਅਦਾਇਗੀਆਂ ਉੱਪਰ ਰੋਕ ਲਾਈ ਹੋਈ ਹੈ।