ਮਹਿੰਗਾਈ ਖ਼ਿਲਾਫ਼ ਕਾਂਗਰਸ ਦਾ ਪ੍ਰਦਰਸ਼ਨ, ਨਵਜੋਤ ਸਿੱਧੂ ਨੇ ਕਿਹਾ- ਗਰੀਬ ਦੀ ਰੋਟੀ ਦੀ ਲੜਾਈ ਲੜ ਰਹੀ ਕਾਂਗਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਰੇ ਹਾਂ, ਮਰੇ ਨਹੀਂ ਪੰਜਾਬ ਲਈ ਲੜਦੇ ਰਹਾਂਗੇ- ਸਿੱਧੂ

Navjot Singh Sidhu

 

ਅੰਮ੍ਰਿਤਸਰ: ਲਗਾਤਾਰ ਵਧ ਰਹੀ ਮਹਿੰਗਾਈ ਖ਼ਿਲਾਫ਼ ਕਾਂਗਰਸ ਵਲੋਂ ਅੱਜ ਦੇਸ਼ ਭਰ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। 7 ਅਪ੍ਰੈਲ ਤੱਕ ਦੇਸ਼ ਭਰ ਵਿਚ ਕਾਂਗਰਸ ਵਲੋਂ ਪ੍ਰਦਰਸ਼ਨ ਕੀਤੇ ਜਾਣੇ ਹਨ।  ਇਸ ਦੇ ਚਲਦਿਆਂ ਅੰਮ੍ਰਿਤਸਰ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਨਵਜੋਤ ਸਿੱਧੂ ਅਤੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਪਹੁੰਚੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਹਮਲਾ ਬੋਲਿਆ। ਉਹਨਾਂ ਕਿਹਾ ਕਿ ਅਸੀਂ ਹਾਰੇ ਹਾਂ, ਮਰੇ ਨਹੀਂ। ਪੰਜਾਬੀਆਂ ਲਈ ਲੜਾਈ ਲੜਦੇ ਰਹਾਂਗੇ। ਕਾਂਗਰਸ ਗਰੀਬ ਦੀ ਰੋਟੀ ਦੀ ਲੜਾਈ ਲੜ ਰਹੀ ਹੈ।

Navjot singh Sidhu

ਸਿੱਧੂ ਨੇ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਨਾਲ ਵੋਟਾਂ ਪਾਈਆਂ ਸੀ ਪਰ ਲੋਕਾਂ ਦਾ ਵਿਸ਼ਵਾਸ ਮਿੱਟੀ ਦੇ ਭਾਂਡੇ ਵਾਂਗ ਟੁੱਟ ਗਿਆ ਅਤੇ ਲੋਕਾਂ ਦੇ ਚੁੱਲ੍ਹੇ ਬਲਣੋਂ ਹਟ ਗਏ। ਉਹਨਾਂ ਕਿਹਾ ਕਿ ਪਿਛਲੇ 7-8 ਸਾਲਾਂ ਵਿਚ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਸਿਰਫ਼ 35 ਫੀਸਦ ਵਧਿਆ ਹੈ ਜਦਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਟ 110 ਫੀਸਦ ਵਾਧਾ ਹੋਇਆ। ਕਰੀਬ 12 ਵਾਰ ਕੀਮਤਾਂ ਵਧੀਆਂ ਹਨ। ਦਾਲ ਦੀਆਂ ਕੀਮਤਾਂ, ਤੇਲ ਦੀਆਂ ਕੀਮਤਾਂ, ਗੈਸ ਸਿਲੰਡਰ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਪਰ ਗਰੀਬ ਦੀ ਦਿਹਾੜੀ ਦਾ ਮੁੱਲ ਨਹੀਂ ਵਧਾਇਆ ਜਾ ਰਿਹਾ  ਗਰੀਬ ਦੇ ਢਿੱਡ ਉੱਤੇ ਲੱਤ ਮਾਰੀ ਜਾ ਰਹੀ ਹੈ। ਅਮੀਰਾਂ ਦੇ ਚਿਰਾਗ ਜਲ ਰਹੇ ਹੈ ਪਰ ਗਰੀਬ ਦੀ ਝੌਂਪੜੀ ਜਲ ਰਹੀ ਹੈ। ਗਰੀਬ ਨੂੰ ਕੁਚਲਿਆ ਜਾ ਰਿਹਾ ਹੈ।

Navjot Singh Sidhu

ਉਹਨਾਂ ਕਿਹਾ ਕਿ ਕਾਂਗਰਸ ਗਰੀਬ ਦੀ ਇੱਜ਼ਤ ਦੀ ਰੋਟੀ ਦੀ ਲੜਾਈ ਲੜ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਸਿੱਧੂ ਨੇ ਕਿਹਾ ਕਿ ਸਰਕਾਰਾਂ ਇਸ ਗੱਲ ਤੋਂ ਜਾਣੀਆਂ ਜਾਂਦੀਆਂ ਹਨ ਕਿ ਉਹਨਾਂ ਨੇ ਗਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਲਈ ਕੀ ਕੀਤਾ ਪਰ ਇੱਥੇ ਗਰੀਬ ਗਰੀਬ ਹੁੰਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਦੀ ਰੂਹ ਦਾ ਪ੍ਰਦਰਸ਼ਨ ਹੈ ਅਤੇ ਇਹ ਲੜਾਈ ਪੰਜਾਬ ਦੀ ਹੋਂਦ ਦੀ ਲੜਾਈ ਹੈ। ਮੈਂ ਬਰਗਾੜੀ ਪੰਜਾਬ ਦੀ ਰੂਹ ਖ਼ਾਤਰ ਗਿਆ ਸੀ, ਇਹ ਅਹੁਦਿਆਂ ਦੀ ਲੜਾਈ ਨਹੀਂ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਚੋਣ ਹਾਰੇ ਹਾਂ, ਮਰੇ ਨਹੀਂ। ਇਸੇ ਲਈ ਅਸੀਂ ਪੰਜਾਬ ਲਈ ਲੜਾਈ ਲੜਦੇ ਰਹਾਂਗੇ। ਉਹਨਾਂ ਕਿਹਾ ਕਿ ਹਾਥੀ, ਹਾਥੀ ਹੀ ਹੁੰਦਾ ਹੈ।

Navjot Singh Sidhu

ਚੰਡੀਗੜ੍ਹ ਵਿਚ ਕੇਂਦਰੀ ਨਿਯਮ ਲਾਗੂ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਾਡੇ ਕੋਲੋਂ ਚੰਡੀਗੜ੍ਹ ਦਾ ਅਧਿਕਾਰ ਖੋਹ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ’ਤੇ ਸੰਸਦ ਮੈਂਬਰਾਂ ਦੀ ਸੌਦੇਬਾਜ਼ੀ ਦਾ ਇਲਜ਼ਾਮ ਲਗਾਇਆ। ਉਹਨਾਂ ਨੇ ‘ਆਪ’ ਨੂੰ ਰਾਜ ਸਭਾ ਦੀ ਬੋਲੀ ਲਗਾਉਣ ਵਾਲੀ ਸਰਕਾਰ ਕਿਹਾ ਹੈ। ਸਿੱਧੂ ਨੇ ਇਕ ਵਾਰ ਫਿਰ ਕਾਂਗਰਸ ਨੂੰ ਸਾਫ ਕਰਨ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਕੌਂਸਲਰ ਅਤੇ ਸਾਬਕਾ ਵਿਧਾਇਕ ਉਹਨਾਂ ਦੇ ਨਾਲ ਖੜ੍ਹੇ ਹਨ। ਅਸੀਂ ਮਿਲ ਕੇ ਕਾਂਗਰਸ ਦੀ ਗੰਦਗੀ ਬਾਹਰ ਸੁੱਟਾਂਗੇ। ਕਾਂਗਰਸ ਦੀ ਗੰਦਗੀ ਜਲਦੀ ਹੀ ਸਾਫ਼ ਕਰ ਦਿੱਤੀ ਜਾਵੇਗੀ।