ਸਰਬੱਤ ਖ਼ਾਲਸਾ ਦਾ ਕੀ ਅਰਥ ਹੈ? ਜਿਸ ਬਾਰੇ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹੱਤਵਪੂਰਨ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਲਈ ਸੱਦਿਆ ਜਾਂਦਾ ਹੈ ਸਰਬੱਤ ਖ਼ਾਲਸਾ 

Representational Image

ਮੋਹਾਲੀ : 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਇੱਕ ਹੋਰ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿਚ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸਾਖੀ ਵਾਲੇ ਦਿਨ (14 ਅਪ੍ਰੈਲ) ਤਲਵੰਡੀ ਸਾਬੋ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਬੱਤ ਖ਼ਾਲਸਾ ਸੱਦਣ ਲਈ ਕਿਹਾ ਹੈ। ਦੱਸ ਦੇਈਏ ਕਿ 18 ਮਾਰਚ ਨੂੰ ਜਦੋਂ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਹਿਰਾਸਤ ਵਿੱਚ ਲੈਣ ਲਈ ਗਈ ਸੀ, ਉਦੋਂ ਤੋਂ ਹੀ ਉਹ ਫ਼ਰਾਰ ਚਲ ਰਿਹਾ ਹੈ।


ਕੀ ਹੈ ਸਰਬੱਤ ਖ਼ਾਲਸਾ?
ਸਰਬੱਤ ਸ਼ਬਦ ਦਾ ਅਰਥ ਹੈ 'ਸਭ', ਅਤੇ ਸ਼ਾਬਦਿਕ ਤੌਰ 'ਤੇ, ਸਰਬੱਤ ਖ਼ਾਲਸਾ ਸਿੱਖਾਂ ਦੇ ਸਾਰੇ ਧੜਿਆਂ (ਖ਼ਾਲਸਾ) ਦਾ ਇਕੱਠ ਹੈ। ਸਿੱਖਾਂ ਦੇ ਸਰਬੱਤ ਖ਼ਾਲਸਾ (ਵਿਚਾਰ-ਵਟਾਂਦਰੇ) ਦਾ ਵਿਚਾਰ 18ਵੀਂ ਸਦੀ ਦਾ ਹੈ।

ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਸਿੱਖ ਮਿਸਲਾਂ ਵਲੋਂ ਮੁਗਲਾਂ ਖ਼ਿਲਾਫ਼ ਸੰਘਰਸ਼ ਜਾਰੀ ਸੀ। ਉਸ ਸਮੇਂ  ਸਿੱਖ ਮਿਸਲਾਂ (ਫ਼ੌਜੀ ਯੂਨਿਟਾਂ) ਨੇ ਕੌਮ ਲਈ ਬਹੁਤ ਮਹੱਤਵ ਵਾਲੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਸਰਬੱਤ ਖ਼ਾਲਸਾ ਸੱਦਣਾ ਸ਼ੁਰੂ ਕੀਤਾ ਸੀ। 

ਇਹ ਇਕੱਠ ਵਿਸਾਖੀ ਅਤੇ ਦੀਵਾਲੀ ਦੇ ਮੌਕੇ 'ਤੇ ਸਾਲ ਵਿੱਚ ਦੋ ਵਾਰ ਬੁਲਾਇਆ ਜਾਂਦਾ ਸੀ ਅਤੇ ਇਸ ਸਰਬੱਤ ਖ਼ਾਲਸਾ ਵਿਚ ਸਾਰੇ ਸਿੱਖਾਂ ਨੂੰ ਨਿਰਦੇਸ਼ ਜਾਰੀ ਕਰਨ ਦੀ ਸ਼ਕਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪਿਆ ਗਿਆ ਅਤੇ ਮਨੁੱਖੀ ਰੂਪ ਵਿਚ ਗੁਰੂ ਦੀ ਪਰੰਪਰਾ ਦੇ ਖ਼ਤਮ ਹੋਣ ਤੋਂ ਬਾਅਦ ਸਰਬੱਤ ਖ਼ਾਲਸਾ ਸਿੱਖਾਂ ਦੀ ਪਹਿਲੀ ਸੰਸਥਾ ਸੀ ਜੋ ਮਿਸਲਾਂ ਦੇ ਅੰਦਰੂਨੀ ਕਲੇਸ਼ਾਂ ਅਤੇ ਹੋਰ ਮਸਲੇ ਸੁਲਝਾਉਣ ਵਿਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ।

19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਿੱਖਾਂ ਦੇ ਸਭ ਤੋਂ ਪੁਰਾਣੇ ਇਤਿਹਾਸਾਂ ਵਿੱਚੋਂ ਇੱਕ ਲਿਖਣ ਵਾਲੇ ਇਤਿਹਾਸਕਾਰ ਹੈਨਰੀ ਪ੍ਰਿੰਸੇਪ ਨੇ ਲਿਖਿਆ ਸੀ ਕਿ ਆਜ਼ਾਦੀ ਦੀ ਆਪਣੀ ਦ੍ਰਿੜ ਭਾਵਨਾ ਹੋਣ ਦੇ ਬਾਵਜੂਦ, ਸਾਰੀਆਂ ਸਿੱਖ ਮਿਸਲਾਂ ਬਿਨਾਂ ਕਿਸੇ ਟਕਰਾਅ ਦੇ ਸਰਬੱਤ ਖ਼ਾਲਸਾ ਵਿੱਚ ਇਕੱਠੇ ਬੈਠਦੀਆਂ ਸਨ।

1716 ਵਿੱਚ ਮੁਗਲਾਂ ਵੱਲੋਂ ਖ਼ਾਲਸਾ ਫ਼ੌਜ ਦੇ ਮੁਖੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤੇ ਜਾਣ ਮਗਰੋਂ, ਸਿੱਖਾਂ ਨੇ ਇੱਕ ਗੁਰੀਲਾ ਯੁੱਧ ਸ਼ੁਰੂ ਕੀਤਾ ਜਿਸ ਨੇ ਰਾਜ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਸਿੱਖਾਂ ਦੇ ਹਮਲੇ ਨੂੰ ਰੋਕਣ ਲਈ ਲਾਹੌਰ ਦੇ ਮੁਗਲ ਗਵਰਨਰ ਜ਼ਕਰੀਆ ਖਾਨ ਨੇ ਉਨ੍ਹਾਂ ਨੂੰ ਨਵਾਬ ਦੀ ਉਪਾਧੀ ਦੀ ਪੇਸ਼ਕਸ਼ ਕੀਤੀ।

ਸਿੱਖਾਂ ਵਿਚ ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਵਿਰੋਧ ਹੋਇਆ ਅਤੇ ਸਰਬੱਤ ਖ਼ਾਲਸਾ ਵਿਚ ਇਸ ਮੁੱਦੇ ਨੂੰ ਵਿਚਾਰਿਆ ਗਿਆ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ, ਇਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਗਿਆ - ਹਾਲਾਂਕਿ, ਜ਼ਕਰੀਆ ਖਾਨ ਵਲੋਂ ਦਿੱਤੀ ਇਸ ਪੇਸ਼ਕਸ਼ ਨੂੰ ਚੋਟੀ ਦੀ ਲੀਡਰਸ਼ਿਪ ਵਿਚੋਂ ਕਿਸੇ ਵੀ ਇੱਕ ਆਗੂ ਲਈ ਸਵੀਕਾਰ ਕਰਨ ਦੀ ਬਜਾਏ, ਸੇਵਾ ਕਰ ਰਹੇ ਕਪੂਰ ਸਿੰਘ ਨਾਮ ਦੇ ਇੱਕ ਸਧਾਰਨ ਸਿੱਖ ਨੂੰ ਇਹ ਖ਼ਿਤਾਬ ਲੈਣ ਲਈ ਕਿਹਾ ਗਿਆ ਸੀ। ਅਜਿਹਾ ਕਰਨ ਦਾ ਮਕਸਦ ਜ਼ਕਰੀਆ ਖ਼ਾਨ ਨੂੰ ਇਹ ਸੁਨੇਹਾ ਦੇਣ ਦਾ ਸੀ ਕਿ ਸਿੱਖਾਂ ਲਈ ਨਵਾਬ ਦਾ ਖ਼ਿਤਾਬ ਕੋਈ ਮਾਅਨੇ ਨਹੀਂ ਰੱਖਦਾ।

ਨਵਾਬ ਕਪੂਰ ਸਿੰਘ ਕੌਮ ਦੇ ਇੱਕ ਬਹੁਤ ਹੀ ਕਾਬਲ ਆਗੂ ਸਾਬਤ ਹੋਏ, ਜਿਨ੍ਹਾਂ ਨੇ ਵੱਖ-ਵੱਖ ਸਿੱਖ ਫ਼ੌਜਾਂ ਨੂੰ ਦਲ ਖ਼ਾਲਸਾ ਵਿੱਚ ਸ਼ਾਮਲ ਕੀਤਾ। ਇਸ ਤੋਂ ਬਾਅਦ ਸਰਬੱਤ ਖ਼ਾਲਸਾ ਵੱਲੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ।

ਮਹਾਰਾਜਾ ਰਣਜੀਤ ਸਿੰਘ ਦੁਆਰਾ 1799 ਵਿੱਚ ਸਿੱਖ ਰਾਜ ਦੀ ਸਥਾਪਨਾ ਨੇ ਜਿਥੇ ਸਿੱਖ ਮਿਸਲਾਂ ਦੇ ਦੌਰ ਦਾ ਅੰਤ ਕਰ ਦਿੱਤਾ ਉਥੇ ਹੀ ਸਰਬੱਤ ਖ਼ਾਲਸਾ ਦੀ ਸੰਸਥਾ ਦੀ ਮੁੱਢਲੀ ਲੋੜ ਵੀ ਖ਼ਤਮ ਹੋ ਗਈ। ਇਹ ਉਸ ਦੌਰ ਦੀ ਸ਼ੁਰੂਆਤ ਵੀ ਸੀ ਜਿਸ ਵਿਚ ਸਿੱਖਾਂ ਨੇ ਪਹਿਲੀ ਵਾਰ ਆਜ਼ਾਦੀ ਦਾ ਅਹਿਸਾਸ ਕੀਤਾ। ਇਸ ਦੌਰ ਵਿਚ ਸਿੱਖਾਂ ਦੇ ਬਹੁਤ ਸਾਰੇ ਮਸਲੇ ਹੱਲ ਹੋਏ।

20ਵੀਂ ਸਦੀ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਗਠਨ ਨੇ ਸਰਬੱਤ ਖ਼ਾਲਸਾ ਵਰਗੀ ਸੰਸਥਾ ਦੀ ਲੋੜ ਨੂੰ ਹੋਰ ਘਟਾ ਦਿੱਤਾ। ਪਿਛਲੇ ਸਾਲਾਂ ਦੌਰਾਨ, ਸ਼੍ਰੋਮਣੀ ਕਮੇਟੀ ਨੇ ਕੌਮ ਦੀ ਤਰਫੋਂ ਫ਼ੈਸਲੇ ਲੈਣ ਲਈ ਇੱਕ ਸੁਚੱਜੀ ਵਿਧੀ ਸਥਾਪਤ ਕੀਤੀ ਹੈ।


ਇਸ ਬਾਰੇ ਕੁਝ ਅਪਵਾਦ:

1920 ਵਿਚ, ਸਰਬੱਤ ਖ਼ਾਲਸਾ ਗੁਰਦੁਆਰਿਆਂ 'ਤੇ ਨਿਯੰਤਰਣ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਇਆ ਗਿਆ ਅਤੇ ਬਾਅਦ ਵਿਚ, ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ। 1984 ਵਿਚ ਹਰਿਮੰਦਰ ਸਾਹਿਬ ਵਿਖੇ ਫ਼ੌਜੀ ਕਾਰਵਾਈ ਤੋਂ ਬਾਅਦ, ਕੁਝ ਪ੍ਰਬੰਧਕਾਂ ਨੇ ਸਰਬੱਤ ਖ਼ਾਲਸਾ ਬੁਲਾਇਆ ਸੀ, ਪਰ ਸ਼੍ਰੋਮਣੀ ਕਮੇਟੀ ਸਮੇਤ ਪ੍ਰਮੁੱਖ ਸਿੱਖ ਸੰਸਥਾਵਾਂ ਇਸ ਸੱਦੇ ਦਾ ਹਿੱਸਾ ਨਹੀਂ ਸਨ।

ਇਹਨਾਂ ਇਕੱਠਾਂ ਵਿੱਚੋਂ ਇੱਕ ਸਭ ਤੋਂ ਮਹੱਤਵਪੂਰਨ ਇਕੱਠ 26 ਜਨਵਰੀ, 1986 ਨੂੰ ਬੁਲਾਇਆ ਗਿਆ ਸੀ, ਜਦੋਂ ਕੱਟੜਪੰਥੀ ਸਿੱਖਾਂ ਨੇ ਸਾਕਾ ਨੀਲਾ ਤਾਰਾ ਵਿੱਚ ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰ ਸੇਵਾ ਬਾਰੇ ਚਰਚਾ ਕਰਨ ਦੀ ਮੰਗ ਕੀਤੀ ਸੀ। ਉਸ ਸਾਲ ਬਾਅਦ ਵਿੱਚ ਸਿੱਖ ਸੰਘਰਸ਼ ਦੇ ਭਵਿੱਖ ਬਾਰੇ ਫ਼ੈਸਲਾ ਕਰਨ ਲਈ ਬਣਾਈ ਗਈ ਪੰਥਕ ਕਮੇਟੀ ਨੇ ਖ਼ਾਲਿਸਤਾਨ ਦਾ ਸੱਦਾ ਦਿੱਤਾ।

ਹਾਲ ਹੀ ਵਿੱਚ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵਿਰੋਧ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਨੇ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਬੁਲਾਇਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਅਤੇ ਹੋਰ, ਸਮਾਨਾਂਤਰ ਜਥੇਦਾਰ ਨਿਯੁਕਤ ਕਰਨ ਲਈ ਮਤੇ ਪਾਸ ਕੀਤੇ ਗਏ ਸਨ। ਇਸ ਸਰਬੱਤ ਖ਼ਾਲਸਾ ਨੇ ਪੰਜਾਬ ਦੀ ਸਿਆਸਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ।