ਪਿੰਡ ਲਹਿਲ ਕਲਾਂ ’ਚ ਠੇਕੇਦਾਰ ਦੇ ਮੁਨਸੀ ਨੇ 21 ਕੁਇੰਟਲ ਸਰੀਆ ਕੀਤਾ ਖ਼ੁਰਦ ਬੁਰਦ
ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਮੁਨੀਮ ਸਮੇਤ 3 ਵਿਅਕਤੀ ਗ੍ਰਿਫਤਾਰ, ਸਰੀਆ ਬਰਾਮਦ
ਥਾਣਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿਖੇ ਡਰੇਨ ’ਤੇ ਬਣ ਰਹੇ ਪੁਲ ਦੇ ਠੇਕੇਦਾਰ ਤੇ ਉਸ ਦੇ ਮੁਨਸੀ ਵਲੋਂ 21 ਕੁਇੰਟਲ ਸਰੀਆਂ ਚੋਰੀ ਹੋਣ ਦਾ ਪਤਾ ਲੱਗਣ ’ਤੇ ਥਾਣਾ ਲਹਿਰਾਗਾਗਾ ਵਿਖੇ ਮੁਨਸੀ ਸਮੇਤ 5 ਵਿਅਕਤੀਆਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੇ ਅਧਾਰ ’ਤੇ ਪੁਲਿਸ ਨੇ ਠੇਕੇਦਾਰ ਦੇ ਮੁਨਸ਼ੀ ਅਤੇ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ 21 ਕੁਇੰਟਲ ਸਰੀਆ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਥਾਣਾ ਲਹਿਰਾਗਾਗਾ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸਿਬੀਆਂ, ਥਾਣਾ ਥਰਮਲ, ਜ਼ਿਲ੍ਹਾ ਬਠਿੰਡਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਸਰਕਾਰੀ ਤੌਰ ’ਤੇ ਨਹਿਰੀ ਅਤੇ ਡਰੇਨ ਵਿਭਾਗ ਦੇ ਤਹਿਤ ਪੁਲ ਆਦਿ ਦੇ ਕੰਮ ਆਪਣੀ ਫਰਮ ਐਵਰ ਗ੍ਰੀਨ ਅਰਥ ਮੂਵਰ ਦੇ ਨਾਮ ’ਤੇ ਠੇਕੇ ’ਤੇ ਕਰਦਾ ਹੈ। ਉਸ ਕੋਲ ਲਹਿਲ ਕਲਾਂ ਡਰੇਨ ਦੀ ਬੁਰਜੀ ਆਰ.ਡੀ. 40500 ਉਪਰ ਡਰੇਨ ਦਾ ਪੁੱਲ ਬਣਾਉਣ ਦਾ ਠੇਕਾ ਲਿਆ ਹੋਇਆ ਹੈ।
ਉਸ ਨੇ ਆਪਣੇ ਬਿਆਨ ਵਿਚ ਦਸਿਆ ਹੈ ਕਿ ਇਸ ਪੁੱਲ ਦੀ ਉਸਾਰੀ ਦਾ ਕੰਮ 25.ਫਰਵਰੀ 2025 ਤੋਂ ਸ਼ੁਰੂ ਕੀਤਾ ਗਿਆ ਹੈ। ਆਪਣੇ ਕੰਮ ਕਾਰ ਦੀ ਦੇਖ ਰੇਖ ਲਈ ਉਸ ਨੇ ਜਗਦੇਵ ਸਿੰਘ ਪੁੱਤਰ ਜਗਦੀਸ ਸਿੰਘ ਮੁਨੀਮ ਰੱਖਿਆ ਹੋਇਆ ਹੈ। ਜੋ ਲੇਬਰ ਤੋਂ ਪੁਲ ਤੇ ਕੰਮ ਕਰਵਾਉਣ ਅਤੇ ਪੱੁਲ ’ਤੇ ਜੋ ਵੀ ਮਟੀਰੀਅਲ ਬਗੈਰਾ ਲੈ ਕੇ ਆਉਂਦਾ ਹੈ, ਉਹ ਉਸ ਨੂੰ ਲਹਾਉਣ ਅਤੇ ਉਸ ਦੀ ਦੇਖ ਰੇਖ ਦਾ ਕੰਮ ਕਰਦਾ ਹੈ ਤੇ ਸਾਰਾ ਹਿਸਾਬ ਕਿਤਾਬ ਰੱਖਦਾ ਹੈ ।
ਠੇਕੇਦਾਰ ਗੁਰਸੇਵਕ ਸਿੰਘ ਨੇ ਪੁਲਿਸ ਨੂੰ ਦਸਿਆ ਹੈ ਕਿ ਮਿਤੀ 03.03.2025 ਨੂੰ ਪੁੱਲ ਦੀ ਉਸਾਰੀ ਲਈ 300 ਕੁਇੰਟਲ ਵੱਖ ਵੱਖ ਸਾਇਜ਼ ਦਾ ਸਰੀਆ ਮੰਗਾਇਆ ਸੀ, ਪ੍ਰੰਤੂ ਉਸ ਨੂੰ ਸਾਈਟ ਤੇ ਆ ਕੇ ਜਦੋਂ ਸਰੀਆ ਦਾ ਸਟਾਕ ਚੈਕ ਕੀਤਾ ਤਦ ਉਸ ਨੂੰ ਸਰੀਆ ਘੱਟ ਲੱਗਿਆ, ਜਿਸ ਦੀ ਉਸ ਨੇ ਪੜਤਾਲ ਕਰਨੀ ਸ਼ੁਰੂ ਕਰ ਦਿਤੀ। ਪੜਤਾਲ ਦੌਰਾਨ ਉਸ ਨੂੰ ਪਤਾ ਲੱਗਿਆ ਹੈ
ਕਿ ਉਸ ਦਾ ਮੁਨੀਮ ਜਗਦੇਵ ਸਿੰਘ ਉਕਤ ਨੇ ਮਿਤੀ 06-03-2025 ਨੂੰ ਉਕਤ ਸਰੀਏ ਵਿਚੋਂ ਕਰੀਬ 21 ਕੁਇੰਟਲ ਸਰੀਆ ਨਿਰਮਲ ਸਿੰਘ ਪੁੱਤਰ ਪ੍ਰਤਾਪ ਸਿੰਘ, ਦਰਸਨ ਸਿੰਘ ਪੁੱਤਰ ਨਿਗੋਰ ਸਿੰਘ, ਮੋਹਨ ਸਿੰਘ ਪੁੱਤਰ ਗੁਰਪਾਲ ਸਿੰਘ, ਬੀਰਬੱਲ ਸਿੰਘ ਪੁੱਤਰ ਜ਼ਿਲ੍ਹਾ ਸਿੰਘ ਵਾਸੀਆਨ ਲਹਿਲ ਕਲਾਂ ਨਾਲ ਮਿਲੀ ਭੁਗਤ ਕਰ ਕੇ ਇੱਕ ਟਰੈਕਟਰ-ਟਰਾਲੀ ਵਿੱਚ ਲੱਦ ਕੇ ਰਾਤ ਸਮੇਂ ਚੋਰੀ ਕਰ ਕੇ ਲੈ ਗਏ ਹਨ।
ਉਸ ਨੇ ਪੁਲਿਸ ਨੂੰ ਇਹ ਵੀ ਦਸਿਆ ਕਿ ਉਕਤ ਵਿਅਕਤੀਆਂ ਤੋਂ ਇਲਾਵਾ ਇਨ੍ਹਾਂ ਦੇ ਨਾਲ ਹੋਰ ਵਿਅਕਤੀਆਂ ਦੀ ਵੀ ਮਿਲੀਭੁਗਤ ਹੋ ਸਕਦੀ ਹੈ। ਠੇਕੇਦਾਰ ਨੇ ਕਿਹਾ ਹੈ ਕਿ ਮੇਰੇ ਮੁਨੀਮ ਜਗਦੇਵ ਸਿੰਘ ਉਕਤ ਨੇ ਮੇਰੇ ਨਾਲ ਅਮਾਨਤ ਵਿਚ ਖਿਆਨਤ ਕਰਦਿਆਂ ਉਕਤ ਵਿਅਕਤੀਆਂ ਨਾਲ ਮਿਲੀਭੁਗਤ ਕਰ ਕੇ ਮੇਰਾ ਸਰੀਆ ਚੋਰੀ ਕੀਤਾ ਹੈ। ਇਸ ਲਈ ਉਕਤ ਵਿਅਕਤੀਆਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਿਸ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਲਹਿਰਾ ਪੁਲਿਸ ਨੇ ਠੇਕੇਦਾਰ ਦਾ ਮੁਨਸ਼ੀ ਜਗਦੇਵ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ ਅਤੇ ਬੀਰਬੱਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਹੋਇਆ ਸਰੀਆ ਬਰਾਮਦ ਕਰ ਲਿਆ ਹੈ।