ਇਰਾਕ ’ਚ ਫਸੇ ਦੋ ਪੰਜਾਬੀਆਂ ਦੀ ਘਰ ਵਾਪਸੀ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਦਖ਼ਲ ਤੋਂ ਬਾਅਦ 14 ਦਿਨਾਂ ’ਚ ਵਾਪਸੀ ਹੋਈ ਸੰਭਵ
ਖਾੜੀ ਦੇਸ਼ਾਂ ਵਿਚ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਉਨ੍ਹਾਂ ’ਤੇ ਦੁੱਖਾਂ ਦੇ ਪਹਾੜ ਟੁੱਟਦੇ ਰਹਿੰਦੇ ਹਨ। ਜਲੰਧਰ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਅਤੇ ਸੋਡੀ ਰਾਮ ਆਪਣੀ ਘਰ ਦੀ ਕਿੱਲਤ ਖਤਮ ਕਰਨ ਲਈ ਕਰਜ਼ਾ ਚੁੱਕ ਕਿ ਸਾਲ 2024 ਦੌਰਾਨ ਕੁਵੈਤ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵਲੋਂ ਉਨ੍ਹਾਂ ਨੂੰ ਕੁਵੈਤ ਦੀ ਥਾਂ ਇਰਾਕ ਵਿਚ ਲਿਜਾ ਕਿ ਫਸਾ ਦਿਤਾ ਜਿੱਥੇ ਲਿਜਾ ਕਿ ਕੰਪਨੀ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਤੇ ਭੁੱਖੇ ਰੱਖਿਆ। ਉਨ੍ਹਾਂ ਦਸਿਆ ਕਿ ਇਰਾਕ ਵਿਚ ਉਨ੍ਹਾਂ ਦਾ ਇਕ ਦਿਨ ਕੱਟਣਾ ਵੀ ਇਕ ਸਾਲ ਕੱਟਣ ਦੇ ਬਰਾਬਰ ਸੀ।
ਉਨ੍ਹਾਂ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਉਨ੍ਹਾਂ ਦੀ ਬਾਂਹ ਨਾ ਫੜਦੇ ਤਾਂ ਉਨ੍ਹਾਂ ਲਈ ਉਸ ਕੰਪਨੀ ਦੇ ਜਾਲ ਵਿਚੋਂ ਨਿਕਲ ਕੇ ਵਾਪਿਸ ਮੁੜਨਾ ਔਖਾ ਸੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਰਿਵਾਰਾਂ ਸਮੇਤ ਪਹੁੰਚੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਦੱਸਿਆ ਕਿ ਅਸੀਂ ਕਰਜ਼ਾ ਚੁੱਕ ਕਿ ਕੁਵੈਤ ਜਾਣ ਲਈ ਟਰਵੈਲ ਏਜੰਟਾਂ ਨੂੰ 1 ਲੱਖ 85 ਹਜ਼ਾਰ ਰੁਪਏ ਦਿੱਤੇ ਸੀ। ਜਿਸਦਾ ਵਿਆਜ਼ ਮੋੜਨਾ ਵੀ ਹੁਣ ਸਾਡੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਕਿ ਇਰਾਕ ਵਿਚ ਹੱਡ ਭੰਨਵੀ ਮਿਹਨਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਤਨਖ਼ਾਹ ਨਹੀਂ ਸੀ ਦਿਤੀ ਜਾਂਦੀ ਤੇ ਨਾ ਹੀ ਇਲਾਜ਼ ਕਰਵਾਇਆ ਜਾਂਦਾ ਸੀ ਤੇ ਨਾ ਹੀ ਦੋ ਡੰਗ ਦੀ ਰੋਟੀ ਦਿਤੀ ਜਾਂਦੀ ਸੀ। ਉਨ੍ਹਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਵਾਪਸੀ ਸਮੇਂ ਦੌਰਾਨ ਵੀ ਕੰਪਨੀ ਨੇ ਉਨ੍ਹਾਂ ਦੀ ਤਨਖ਼ਾਹ ਤਾਂ ਕੀ ਦੇਣੀ ਸੀ ਉਨ੍ਹਾਂ ਕੋਲੋਂ ਕਈ ਤਰ੍ਹਾਂ ਦੇ ਪੇਪਰਾਂ ’ਤੇ ਦਸਤਖਤ ਕਰਵਾ ਲਏ ਤਾਂ ਜੋ ਉਹ ਆਪਣਾ ਬਚਾਅ ਕਰ ਸਕਣ। ਉਨ੍ਹਾਂ ਇਹ ਵੀ ਦਸਿਆ ਕਿ ਉਹ ਵਾਪਸੀ ਦੀ ਆਸ ਛੱਡ ਚੁੱਕੇ ਸੀ। ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਭਰੀਆਂ ਅੱਖਾਂ ਨਾਲ ਸੰਤ ਸੀਚੇਵਾਲ ਜੀ ਦਾ ਧਨਵਾਦ ਕੀਤਾ, ਜਿਨ੍ਹਾਂ ਸਦਕਾ ਉਨ੍ਹਾਂ ਦੀ ਘਰ ਵਾਪਸੀ ਸੰਭਵ ਹੋ ਪਾਈ।
ਗੁਰਪ੍ਰੀਤ ਤੇ ਸੋਡੀ ਰਾਮ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੇ 15 ਮਾਰਚ ਨੂੰ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਪਾਸ ਪਹੁੰਚ ਕੀਤੀ ਸੀ ਤੇ 28 ਮਾਰਚ ਨੂੰ ਉਨ੍ਹਾਂ ਦੇ ਮੈਂਬਰ ਵਾਪਸ ਆ ਗਏ। ਉਨ੍ਹਾਂ ਇਸ ਗੱਲ ਦਾ ਵੀ ਉਚੇਚਾ ਖੁਲਾਸਾ ਕੀਤਾ ਕਿ ਗ਼ਰੀਬੀ ਤੇ ਬਹੁਤੀ ਪਹੁੰਚ ਨਾ ਹੋਣ ਕਾਰਨ ਉਨ੍ਹਾਂ ਦੀ ਕਿਧਰੇ ਵੀ ਕੋਈ ਗੱਲ ਨਹੀਂ ਸੁਣ ਰਿਹਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਤੁਰਤ ਕਾਰਵਾਈ ਸਦਕਾ ਇਹ ਭਾਰਤੀ ਮਹਿਜ਼ 14 ਦਿਨਾਂ ਵਿਚ ਵਾਪਸ ਪਰਤ ਆਏ ਹਨ।
ਉਨ੍ਹਾਂ ਦਸਿਆ ਕਿ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਵਲੋਂ ਲਗਾਤਰ ਚੁਣੌਤੀਪੂਰਵਕ ਸਥਿਤੀਆਂ ਵਿਚੋਂ ਭਾਰਤੀਆਂ ਨੂੰ ਕੱਢ ਕਿ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਮੁੜ ਪੰਜਾਬ ਦੇ ਲੋਕਾਂ ਖਾਸਕਰ ਗ਼ਰੀਬ ਤੁਬਕੇ ਨਾਲ ਸਬੰਧ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਅਰਬ ਦੇਸ਼ ਵਿਚ ਜਾਣ ਤੋਂ ਪਹਿਲਾਂ ਕਿਸੇ ਸੂਝਵਾਨ ਦੀ ਜ਼ਰੂਰ ਸਹਾਇਤਾ ਲੈਣ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਹਿਦਾਇਤਾਂ ਕੀਤੀਆਂ ਹਨ ਕਿ ਅਜਿਹੇ ਠੱਗ ਤੇ ਫਰਜ਼ੀ ਟਰੈਵਲ ਏਜੰਟ ’ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਰਾਕ ਤੋਂ ਵਾਪਸ ਪਰਤੇ ਗੁਰਪ੍ਰੀਤ ਸਿੰਘ ਤੇ ਸੋਡੀ ਰਾਮ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਉਸ ਕੰਪਨੀ ਵਿਚ ਵੱਡੀ ਗਿਣਤੀ ਵਿਚ ਭਾਰਤੀਆਂ ਨੂੰ ਏਜੰਟਾਂ ਵਲੋਂ ਅਜਿਹੇ ਤਰੀਕੇ ਨਾਲ ਭਰਤੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਅਜੇ ਵੀ ਉੱਥੇ ਦਰਜਨ ਤੋਂ ਵੱਧ ਭਾਰਤੀ ਕਈਆਂ ਸਾਲਾਂ ਤੋਂ ਉਸ ਕੰਪਨੀ ਵਿਚ ਏਜੰਟਾਂ ਦੇ ਧੋਖੇ ਕਾਰਨ ਤਰਸਯੋਗ ਹਲਾਤਾਂ ਵਿਚ ਫਸੇ ਹੋਏ ਹਨ।