Court New: ਦਰਿਆ ਕੰਢੇ ਡੇਰਾ ਬਿਆਸ ਦੀ ਉਸਾਰੀ ’ਤੇ ਹਾਈ ਕੋਰਟ ਨੇ ਲਗਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟੀਸ਼ਨ 'ਚ ਡੇਰੇ 'ਤੇ ਜ਼ਮੀਨ ਹੜੱਪਣ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਲਾਏ ਗਏ

Punjab Haryana High Court

Court New: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡੇਰਾ ਰਾਧਾ ਸੁਆਮੀ ਬਿਆਸ ਵਲੋਂ ਬਿਆਸ ਵਿਖੇ ਦਰਿਆ ਦੇ ਕੰਢੇ ਕੀਤੀ ਜਾ ਰਹੀ ਉਸਾਰੀ ’ਤੇ ਰੋਕ ਲਗਾ ਦਿਤੀ ਹੈ। ਇਕ ਲੋਕਹਿਤ ਪਟੀਸ਼ਨ ਵਿਚ ਡੇਰੇ ਵਲੋਂ ਦਰਿਆ ਵਿਚਲੀ ਕਰੀਬ 2400 ਏਕੜ ਜ਼ਮੀਨ ’ਤੇ ਕਥਿਤ ਕਬਜ਼ਾ ਕਰਨ ਕਾਰਨ ਪਾਣੀ ਦੇ ਵਹਾਅ ਦਾ ਰੁਖ਼ ਮੁੜਨ ਦਾ ਦੋਸ਼ ਲਗਾਉਂਦਿਆਂ ਦੂਜੇ ਕੰਢੇ ਵਲ ਜਿਮੀਂਦਾਰਾਂ ਦੀ ਜ਼ਮੀਨ ਦਾ ਨੁਕਸਾਨ ਹੋਣ ਦੀ ਗੱਲ ਕਹੀ ਗਈ ਹੈ।

ਜ਼ਮੀਨ ਦੇ ਨੁਕਸਾਨ ਦਾ ਮੁਆਵਜ਼ਾ ਦੇਣ, ਪੀੜਤ ਜਿਮੀਂਦਾਰਾਂ ਦੇ ਪੁਨਰਵਾਸ ਤੇ ਡੇਰੇ ਵਲੋਂ ਕੀਤੀ ਉਸਾਰੀ ਦੀ ਗ਼ੈਰ ਕਾਨੂੰਨੀ ਕਾਰਵਾਈ ’ਤੇ ਕੋਈ ਐਕਸ਼ਨ ਨਾ ਲੈਣ ਵਾਲੇ ਅਫ਼ਸਰਾਂ ਵਿਰੁਧ ਕਾਰਵਾਈ ਦੀ ਮੰਗ ਕਰਦੀ ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਐਕਟਿੰਗ ਚੀਫ਼ ਜਸਟਿਸ ਜੀਐਸ ਸੰਧਾਵਾਲੀਆ ਤੇ ਜਸਟਿਸ ਲਪਿਤਾ ਬੈਨਰਜੀ ਦੀ ਬੈਂਚ ਨੇ ਡੇਰਾ ਬਿਆਸ ਸਮੇਤ ਪ੍ਰਸ਼ਾਸਨਕ ਅਫ਼ਸਰਾਂ ਨੂੰ ਨੋਟਿਸ ਜਾਰੀ ਕਰ ਕੇ ਜਿਥੇ ਜਵਾਬ ਮੰਗ ਲਿਆ ਹੈ, ਉਥੇ ਹੀ ਡੇਰੇ ਵਲੋਂ ਦਰਿਆ ਵਿਚ ਕੀਤੀ ਜਾ ਰਹੀ ਉਸਾਰੀ ’ਤੇ ਰੋਕ ਲਗਾ ਦਿਤੀ ਹੈ।

ਬੈਂਚ ਨੇ ਕਿਹਾ ਹੈ ਉਸਾਰੀ ਨਹੀਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਬਰਸਾਤ ਦੇ ਮੌਸਮ ਵਿਚ ਹਰ ਜ਼ਮੀਨ ਵਹਿਣ ਦਾ ਅੰਦੇਸ਼ਾ ਹੈ। ਪਟੀਸ਼ਨ ਵਿਚ ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਸਾਲ 2005 ਵਿਚ ਮੀਲ ਵਿਭਾਗ ਦੀ ਰਿਪੋਰਟ ਆਈ ਸੀ ਜਿਸ ਵਿਚ ਸਪੱਸ਼ਟ ਹੋਇਆ ਸੀ ਕਿ ਡੇਰਾ ਬਿਆਸ ਵਲੋਂ ਦਰਿਆ ਵਿਚ ਉਸਾਰੀ ਕੀਤੀ ਗਈ ਹੈ ਤੇ 2400 ਏਕੜ ਜ਼ਮੀਨ ਵਿਵਾਦ ਦੇ ਘੇਰੇ ਵਿਚ ਹੈ ਤੇ ਡੇਰੇ ਵਲ ਦਰਿਆ ਵਿਚ ਉਸਾਰੀ ਕਾਰਨ ਦਰਿਆ ਦੇ ਦੂਜੇ ਪਾਸੇ ਦੇ ਜਿਮੀਂਦਾਰ ਦੀ ਜ਼ਮੀਨ ਵਹਿ ਗਈ ਹੈ। ਰੀਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਣੀ ਸੀ ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ।