Punjab News: ਚੋਣ ਮੈਦਾਨ ’ਚੋਂ ਗਾਇਬ ਰਹੇ ਸਿੱਧੂ; 83 ਦਿਨਾਂ ਤਕ ਚੱਲੀ ਮੁਹਿੰਮ ਦੌਰਾਨ ਨਾ ਸਟੇਜ ’ਤੇ ਦਿਖੇ ਨਾ ਹੀ ਸਾਂਝੀ ਕੀਤੀ ਪੋਸਟ
ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਉਨ੍ਹਾਂ ਦਾ ਧਿਆਨ ਅਪਣੀ ਪਤਨੀ ਦੀ ਸਿਹਤ 'ਤੇ ਹੈ।
Punjab News: ਪੰਜਾਬ ਵਿਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਪਰ ਕਰੀਬ 83 ਦਿਨਾਂ ਤਕ ਚੱਲੀ ਲੰਬੀ ਮੁਹਿੰਮ ਵਿਚ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਦਿੱਗਜ ਨੇਤਾ ਨਵਜੋਤ ਸਿੰਧੂ ਗਾਇਬ ਰਹੇ। ਉਹ ਨਾ ਤਾਂ ਕਿਸੇ ਚੋਣ ਮੰਚ 'ਤੇ ਨਜ਼ਰ ਆਏ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਉਮੀਦਵਾਰ ਲਈ ਵੋਟਾਂ ਮੰਗੀਆਂ।
ਹਾਲਾਂਕਿ, ਇੰਡੀਅਨ ਪ੍ਰੀਮੀਅਮ ਲੀਗ (ਆਈ.ਪੀ.ਐੱਲ.) ਵੀ ਚੋਣ ਪ੍ਰਚਾਰ ਦੇ ਆਖਰੀ ਪੜਾਅ 'ਤੇ ਸਮਾਪਤ ਹੋ ਗਈ ਸੀ। ਅਜਿਹੇ 'ਚ ਉਮੀਦ ਸੀ ਕਿ ਕਿਸੇ ਹੋਰ ਹਲਕੇ 'ਚ ਨਹੀਂ ਤਾਂ ਇਹ ਦਿੱਗਜ ਨੇਤਾ ਜਦੋਂ ਪਟਿਆਲਾ 'ਚ ਆਉਣਗੇ ਤਾਂ ਉਨ੍ਹਾਂ ਨਾਲ ਸਟੇਜ 'ਤੇ ਜ਼ਰੂਰ ਨਜ਼ਰ ਆਉਣਗੇ ਪਰ ਅਜਿਹਾ ਵੀ ਨਹੀਂ ਹੋਇਆ। ਇਸ ਦੇ ਨਾਲ ਹੀ ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਉਨ੍ਹਾਂ ਦਾ ਧਿਆਨ ਅਪਣੀ ਪਤਨੀ ਦੀ ਸਿਹਤ 'ਤੇ ਹੈ।
ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੁੰਦੇ ਹੀ 22 ਮਾਰਚ ਨੂੰ ਆਈਪੀਐਲ ਦਾ ਆਗਾਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਸਟਾਰ ਸਪੋਰਟਸ ਵਿਚ ਕੁਮੈਂਟਰੀ ਲਈ ਚੁਣੇ ਗਏ ਸਨ। ਅਜਿਹੇ 'ਚ ਸਿਆਸੀ ਖੇਤਰ ਤੋਂ ਉਨ੍ਹਾਂ ਦੀ ਦੂਰੀ ਵਧਦੀ ਗਈ। ਇਸ ਤੋਂ ਇਲਾਵਾ ਉਹ ਅਪਣੇ ਸੋਸ਼ਲ ਮੀਡੀਆ ਅਕਾਊਂਟ X 'ਤੇ ਕ੍ਰਿਕਟ ਜਾਂ IPL ਨਾਲ ਜੁੜੀਆਂ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਚੋਣਾਂ ਸਬੰਧੀ ਇਕ ਵੀ ਪੋਸਟ ਨਹੀਂ ਪਾਈ। ਉਹ ਸਮੇਂ-ਸਮੇਂ 'ਤੇ ਅਪਣੀ ਪਤਨੀ ਦੇ ਇਲਾਜ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੇ।
ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਤੋਂ ਠੀਕ ਪਹਿਲਾਂ ਨਵਜੋਤ ਸਿੰਘ ਸਿੱਧੂ 15 ਮਾਰਚ ਨੂੰ ਰਾਜਪਾਲ ਨੂੰ ਮਿਲਣ ਲਈ ਅਪਣੇ ਧੜੇ ਦੇ ਆਗੂਆਂ ਸਮੇਤ ਚੰਡੀਗੜ੍ਹ ਪੁੱਜੇ ਸਨ। ਇਸ ਦੌਰਾਨ ਜਦੋਂ ਮੀਡੀਆ ਨੇ ਉਨ੍ਹਾਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਵਾਲ ਪੁੱਛੇ ਤਾਂ ਉਨ੍ਹਾਂ ਸਪੱਸ਼ਟ ਕਹਿ ਦਿਤਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ। ਉਹ ਪੰਜਾਬ ਵਿਚ ਰਹਿ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ।
ਨਵਜੋਤ ਸਿੰਘ ਸਿੱਧੂ ਨੇ ਇਸ ਸਾਲ ਜਨਵਰੀ ਤੋਂ ਹੀ ਪਾਰਟੀ ਤੋਂ ਦੂਰੀ ਬਣਾ ਲਈ ਸੀ। 9 ਜਨਵਰੀ ਨੂੰ ਜਦੋਂ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਚੰਡੀਗੜ੍ਹ ਆਏ ਤਾਂ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਸ਼ਾਮਲ ਨਹੀਂ ਹੋਏ। ਹਾਲਾਂਕਿ ਸਿੱਧੂ ਨੇ ਚੰਡੀਗੜ੍ਹ ਦੇ ਹੋਟਲ 'ਚ ਜਾ ਕੇ ਪਾਰਟੀ ਇੰਚਾਰਜ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਅਤੇ ਮੋਗਾ 'ਚ ਰੈਲੀਆਂ ਕੀਤੀਆਂ ਪਰ ਪਾਰਟੀ ਨੇ ਉਨ੍ਹਾਂ ਦੀ ਮੋਗਾ ਰੈਲੀ ਦੇ ਪ੍ਰਬੰਧਕਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿਤਾ ਸੀ।
(For more Punjabi news apart from Navjot Sidhu is missing from election field of Punjab, stay tuned to Rozana Spokesman)