ਮੁੱਖ ਮੰਤਰੀ ਨੂੰ ਖ਼ੂਬ ਪਸੰਦ ਆ ਰਹੀ ਹੈ ਨਵੀਂ ਅਸਲਾ ਪਾਲਿਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਹਥਿਆਰਾਂ ਦੇ ਲਾਇਸੰਸ ਲੈਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਤੇ ਇਹ ਗੱਲ ਕਿਸੇ ਤੋਂ ਨਹੀਂ ਲੁਕੀ।

Captain Amarinder Singh

ਫਿਰੋਜ਼ਪੁਰ: ਪੰਜਾਬ ਵਿਚ ਹਥਿਆਰਾਂ ਦੇ ਲਾਇਸੰਸ ਲੈਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਤੇ ਇਹ ਗੱਲ ਕਿਸੇ ਤੋਂ ਨਹੀਂ ਲੁਕੀ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਕ ਅਨੌਖੀ ਪਹਿਲ 5 ਜੂਨ ਨੂੰ ਸ਼ੁਰੂ ਕੀਤੀ ਸੀ, ਜਿਸ ਦੀ ਚਰਚਾ ਦੇਸ਼ ਭਰ ਵਿਚ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਕ ਫ਼ੁਰਮਾਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਜਿਸ ਵੀ ਵਿਅਕਤੀ ਨੇ ਅਸਲੇ ਦਾ ਲਾਇਸੰਸ ਲੈਣਾ ਹੈ, ਉਸ ਨੂੰ ਪਹਿਲਾਂ 10 ਪੌਦੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਵਿਚ ਅਪਣਾ ਯੋਗਦਾਨ ਦੇਣਾ ਹੋਵੇਗਾ।

 


 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਫਿਰੋਜ਼ਪੁਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਡੀਸੀ ਫਿਰੋਜ਼ਪੁਰ ਦੀ ਇਹ ਪਹਿਲ ਸ਼ਲਾਘਾਯੋਗ ਹੈ, ਜਿਸ ਨੇ ਆਰਮ ਲਾਇਸੰਸ ਲਈ 10 ਪੌਦੇ ਲਗਾਉਣ ਅਤੇ ਉਸ ਦੀ ਸੰਭਾਲ ਕਰਨ ਨੂੰ ਲਾਜ਼ਮੀ ਬਣਾਇਆ ਹੈ। ਉਹਨਾਂ ਕਿਹਾ ਕਿ ਸਾਰਿਆਂ ਨੂੰ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਰਿਪੋਰਟ ਪੜ੍ਹ ਕੇ ਖੁਸ਼ੀ ਹੋਈ ਹੈ।

ਜ਼ਿਕਰਯੋਗ ਹੈ ਕਿ ਇਹ ਯੋਜਨਾ ਫਿਰੋਜ਼ਪੁਰ ਡੀਸੀ ਵੱਲੋਂ ਇਕ ਮਹੀਨੇ ਪਹਿਲਾਂ ਬਣਾਈ ਗਈ ਸੀ। ਇਸ ਯੋਜਨਾ ਤਹਿਤ ਜੇਕਰ ਕਿਸੇ ਵੀ ਵਿਅਕਤੀ ਨੇ ਆਰਮ ਲਾਇਸੰਸ ਲੈਣਾ ਹੈ ਤਾਂ ਉਸ ਲਈ 10 ਪੌਦੇ ਲਗਾਉਣੇ ਲਾਜ਼ਮੀ ਹਨ ਅਤੇ ਲਾਇਸੰਸ ਲਈ ਫਾਰਮ ਉਸੇ ਵਿਅਕਤੀ ਨੂੰ ਜਾਰੀ ਕੀਤਾ ਜਾਵੇਗਾ ਜੋ ਅਪਣੇ ਨਾਲ ਪੌਦੇ ਲਗਾਉਣ ਦੀ ਤਸਵੀਰ ਲੈ ਕੇ ਆਵੇਗਾ। ਫਾਰਮ ਦੇਣ ਤੋਂ ਇਕ ਮਹੀਨੇ ਬਾਅਦ ਉਸੇ ਵਿਅਕਤੀ ਨੂੰ ਦੂਜੀ ਤਸਵੀਰ ਪੇਸ਼ ਕਰਨੀ ਹੋਵੇਗੀ, ਜਿਸ ਵਿਚ ਪੌਦਿਆਂ ਦੀ ਸੰਭਾਲ ਬਾਰੇ ਪ੍ਰਸ਼ਾਸਨ ਨੂੰ ਦੱਸਣਾ ਹੋਵੇਗਾ।

ਉਸ ਤੋਂ ਬਾਅਦ ਹੀ ਸਬੰਧਤ ਵਿਅਕਤੀ ਦੇ ਡੋਪ ਟੈਸਟ ਅਤੇ ਪੁਲਿਸ ਰਿਪੋਰਟ ਦੇਖਣ ਤੋਂ ਬਾਅਦ ਆਰਮ ਲਾਇਸੰਸ ਜਾਰੀ ਕਰਨ ਦਾ ਫੈਸਲਾ ਪ੍ਰਸ਼ਾਸਨ ਵੱਲੋਂ ਲਿਆ ਜਾਵੇਗਾ। ਇਕ ਮਹੀਨੇ ਪਹਿਲਾਂ ਜਦੋਂ ਕੇਂਦਰੀ ਯੋਜਨਾ ਕਮਿਸ਼ਨ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਯੋਜਨਾ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਨੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨਾਲ ਗੱਲਬਾਤ ਕਰਕੇ ਸਾਰੀ ਸੂਚਨਾ ਅਤੇ ਰਿਪੋਰਟ ਮੰਗੀ। ਰਿਪੋਰਟ ਦੇਖਣ ਤੋਂ ਬਾਅਦ ਯੋਜਨਾ ਕਮਿਸ਼ਨ ਵੀ ਪ੍ਰਭਾਵਿਤ ਹੋਇਆ ਅਤੇ ਉਸ ਨੇ ਅਪਣੀ ਟੀਮ ਨੂੰ ਜ਼ਮੀਨੀ ਪੱਧਰ ‘ਤੇ ਚੈੱਕ ਕਰਨ ਲਈ ਭੇਜਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।