ਲੁਟੇਰਿਆਂ ਲਈ ਕਾਲ ਬਣੀ ਬਹਾਦਰ ਕੁੜੀ, ਹੱਥ 'ਚ ਹਥਿਆਰ ਫੜੀ ਲੁਟੇਰੇ ਦੀ ਭਜਾ-ਭਜਾ ਕੇ ਕਰਵਾਈ ਬੱਸ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਨੇ ਬਹਾਦਰ ਕੁੜੀ ਦੀ ਮਦਦ ਨਾਲ ਲੁਟੇਰੇ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ

attacked girl

ਜਲੰਧਰ : ਜਲੰਧਰ ਵਿਖੇ ਹਥਿਆਰਬੰਦ ਲੁਟੇਰਿਆਂ ਨੂੰ ਉਸ ਸਮੇਂ ਲੈਣੇ ਦੇ ਦੇਣੇ ਪੈ ਗਏ ਜਦੋਂ ਉਹ ਇਕ 15 ਸਾਲਾ ਕੁੜੀ ਦਾ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ 'ਚ ਸਨ। ਇਹ ਸਾਰੀ ਘਟਨਾ ਮੁਹੱਲੇ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਹੈ। ਕੁੜੀ ਦੀ ਬਹਾਦਰੀ ਦੀਆਂ ਲੋਕ ਦੰਦਾਂ ਹੇਠ ਉਂਗਲਾਂ ਦੇ ਕੇ ਤਰੀਫ਼ਾਂ ਕਰ ਰਹੇ ਹਨ।

ਦਰਅਸਲ ਜਲੰਧਰ ਦੇ ਦੀਨ ਦਿਆਲ ਨਗਰ 'ਚ ਕੁਸ਼ਮ ਨਾਮ ਦੀ ਕੁੜੀ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ।  ਇਸੇ ਦੌਰਾਨ ਉਥੇ ਮੋਟਰ ਸਾਈਕਲ 'ਤੇ ਘੁੰਮ ਰਹੇ ਲੁਟੇਰਿਆਂ ਨੇ ਉਸ ਨੂੰ ਅਸਾਨ ਸ਼ਿਕਾਰ ਸਮਝਦਿਆਂ ਉਸ ਦੇ ਹੱਥੋਂ ਮੋਬਾਈਲ ਖੋਹ ਲਿਆ। ਇਕ ਲੁਟੇਰਾ ਬਾਈਕ ਨੂੰ ਸਟਾਰਟ ਰੱਖੀ ਖੜ੍ਹਾ ਰਿਹਾ ਜਦਕਿ ਦੂਜੇ ਨੇ ਹੱਥ 'ਚ ਤੇਜ਼ਧਾਰ ਹਥਿਆਰ ਦੀ ਧੌਂਸ ਨਾਲ ਲੜਕੀ ਨੂੰ ਡਰਾਉਣਾ ਚਾਹਿਆ, ਪਰ ਬਹਾਦਰ ਕੁੜੀ ਬਿਨਾਂ ਡਰੇ ਲੁਟੇਰਿਆਂ ਨਾਲ ਭਿੜ ਗਈ।

ਇਸ ਦੌਰਾਨ ਲੁਟੇਰੇ ਨੇ ਕੁੜੀ 'ਤੇ ਹਥਿਆਰ ਨਾਲ ਹਮਲਾ ਵੀ ਕੀਤਾ, ਪਰ ਕੁੜੀ ਦੀ ਬਹਾਦਰੀ ਸਾਹਮਣੇ ਸਭ ਬੇਅਰਥ ਸਾਬਤ ਹੋ ਰਿਹਾ ਸੀ। ਬਹਾਦਰ ਕੁੜੀ ਨੇ ਲੁਟੇਰਿਆਂ ਦੀ ਭਜਾ-ਭਜਾ ਕੇ ਬੱਸ ਕਰਵਾ ਦਿਤੀ।

ਸੋਸ਼ਲ ਮੀਡੀਆ 'ਚ ਵਾਇਰਲ ਹੋਈ ਵੀਡੀਓ 'ਚ ਸਾਫ਼-ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਲੁਟੇਰਾ ਕੁੜੀ ਦੇ ਹੱਥ 'ਤੇ ਤੇਜਧਾਰ ਦਾਤਰ ਨਾਲ ਵਾਰ ਕਰਦਾ ਹੈ। ਇਸ ਤੋਂ ਬਾਅਦ ਲੁਟੇਰਾ ਭੱਜ ਕੇ ਅਪਣੇ ਸਾਥੀ ਦੇ ਮੋਟਰ ਸਾਈਕਲ 'ਤੇ ਸਵਾਰ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਲੜਕੀ ਉਸ ਦਾ ਬਹਾਦਰ ਨਾਲ ਪਿੱਛੇ ਕਰਦਿਆਂ ਬਾਈਕ ਤੋਂ ਖਿੱਚ ਕੇ ਥੱਲੇ ਲਾਹ ਲੈਂਦੀ ਹੈ।

ਇਸ ਤੋਂ ਬਾਅਦ ਲੁਟੇਰਾ ਕੁੜੀ ਦੇ ਵਾਲਾਂ ਤੋਂ ਫੜ ਲੈਂਦਾ ਹੈ ਅਤੇ ਅਪਣਾ ਡਿੱਗ ਚੁੱਕਾ ਦਾਤਰ ਚੁੱਕ ਕੇ ਉਸ 'ਤੇ ਵਾਰ ਕਰਦਾ ਹੈ, ਪਰ ਕੁੜੀ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਤੇ ਉਹ ਉਸ ਨੂੰ ਭੱਜੇ ਜਾਂਦੇ ਨੂੰ ਮੁੜ ਕਾਬੂ ਕਰ ਲੈਂਦੀ ਹੈ। ਇਸੇ ਦੌਰਾਨ ਇਕ ਅਧਖੜ ਉਮਰ ਦਾ ਵਿਅਕਤੀ ਲੜਕੀ ਦੀ ਮਦਦ ਲਈ ਆਉਂਦਾ ਹੈ। ਆਸੇ ਪਾਸੇ ਤੋਂ ਹੋਰ ਲੋਕ ਵੀ ਆ ਕੇ ਲੁਟੇਰੇ ਨੂੰ ਦਬੋਹ ਲੈਂਦੇ ਹਨ। ਲੋਕਾਂ ਨੇ ਇਕ ਲੁਟੇਰੇ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ ਜਦਕਿ ਦੂਜਾ ਬਾਈਕ ਸਮੇਤ ਮੌਕੇ ਤੋਂ ਭੱਜ ਗਿਆ।

ਪੁਲਿਸ ਅਧਿਕਾਰੀ ਮੁਤਾਬਕ ਲੁਟੇਰੇ ਨੇ ਕੁੜੀ ਤੋਂ ਪਿੱਛਾ ਛੁਡਾਉਣ ਦੇ ਮਕਸਦ ਨਾਲ ਉਸ 'ਤੇ ਦਾਤਰ ਨਾਲ ਵਾਰ ਵੀ ਕੀਤਾ ਜੋ ਉਸ ਦੀ ਬਾਂਹ 'ਤੇ ਵੱਜਾ ਹੈ। ਕੁੜੀ ਦੇ ਗੁੱਟ 'ਤੇ ਡੂੰਘਾ ਪਾੜ ਪੈ ਗਿਆ ਹੈ, ਪਰ ਇਸ ਦੇ ਬਾਵਜੂਦ ਉਸ ਨੇ ਲੁਟੇਰੇ ਦਾ ਪਿੱਛਾ ਨਹੀਂ ਛੱਡਿਆ। ਫ਼ਿਲਹਾਲ ਇਸ ਬਹਾਦਰ ਕੁੜੀ ਦਾ ਇਲਾਜ ਜਲੰਧਰ ਦੇ ਜੋਸ਼ੀ ਹਸਪਤਾਲ ਵਿਖੇ ਚੱਲ ਰਿਹਾ ਹੈ। ਇਕ ਲੁਟੇਰਾ ਪੁਲਿਸ ਦੀ ਗ੍ਰਿਫ਼ਤ 'ਚ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ।