ਸਦਕੇ ਜਾਈਏ ਇਸ ਬਹਾਦਰ ਧੀ ਤੋਂ ਜਿਸ ਨੇ ਸ਼ੀਸ਼ਾ ਤੋੜ ਕੇ ਬਚਾਈ ਸੰਗਰੂਰ ਦੇ 4 ਮਾਸੂਮਾਂ ਦੀ ਜਾਨ
ਸ਼ਨੀਵਾਰ ਨੂੰ ਪ੍ਰਾਈਵੇਟ ਸਕੂਲ ਦੀ ਇਕ ਖਸਤਾਹਾਲ ਵੈਨ ਨੂੰ ਅੱਗ ਲੱਗਣ ਕਰ ਕੇ ਬਹੁਤ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 4 ਬੱਚਿਆਂ ਦੀ ਮੌਤ ਵੀ ਹੋਈ। ਜਿੱਥੇ 4 ਬੱਚਿਆਂ..
ਲੌਂਗੋਵਾਲ- ਸ਼ਨੀਵਾਰ ਨੂੰ ਪ੍ਰਾਈਵੇਟ ਸਕੂਲ ਦੀ ਇਕ ਖਸਤਾਹਾਲ ਵੈਨ ਨੂੰ ਅੱਗ ਲੱਗਣ ਕਰ ਕੇ ਬਹੁਤ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿਚ 4 ਬੱਚਿਆਂ ਦੀ ਮੌਤ ਵੀ ਹੋਈ। ਜਿੱਥੇ 4 ਬੱਚਿਆਂ ਦੀ ਮੌਤ ਹੋਈ ਉੱਥੇ ਹੀ ਇਕ 9 ਸਾਲ ਦੀ ਲੜਕੀ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ 4 ਬੱਚਿਆਂ ਨੂੰ ਬਚਾ ਵੀ ਲਿਆ। ਲੜਕੀ ਅਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਦੀ ਵੈਨ ਨੂੰ ਅੱਗ ਲੱਗੀ ਤਾਂ ਉਸ ਨੇ ਗੱਡੀ ਦੀ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ
ਪਰ ਉਹ ਨਾ ਖੁੱਲ੍ਹੀ ਅਤੇ ਲੜਕੀ ਨੇ ਗੱਡੀ 'ਚ ਪਈ ਇਕ ਲੋਹੇ ਦੀ ਰਾਡ ਨਾਲ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ 4 ਬੱਚਿਆਂ ਨੂੰ ਬਾਹਰ ਕੱਢ ਲਿਆ। ਇਹ ਘਟਨਾ ਦੇਖ ਕੇ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਬਾਕੀ ਬੱਚਿਆਂ ਨੂੰ ਵੀ ਬਾਹਰ ਕੱਢ ਲਿਆ। ਪਰ ਅਫਸੋਸ ਦੀ ਗੱਲ ਹੈ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ 4 ਬੱਚਿਆਂ ਨੂੰ ਨਹੀਂ ਬਚਾਇਆ ਗਿਆ।
ਪੀੜਤ ਪਰਿਵਾਰਾਂ ਨੇ ਹੁਣ ਮੰਗ ਕੀਤੀ ਹੈ ਕਿ ਇਸ ਬੱਚੀ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਲੜਕੀ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਉਹਨਾਂ ਨੇ ਟਵੀਟ ਕਰ ਕੇ ਕਿਹਾ ਕਿ ਉਹ ਜਲਦੀ ਹੀ ਇਸ ਬਹਾਦਰ ਲੜਕੀ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿਚ ਵਾਪਰੇ ਭਿਆਨਕ ਹਾਦਸੇ ਨੇ ਹਰ ਵਿਅਕਤੀ ਦੀ ਰੂਹ ਨੂੰ ਕੰਬਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਪੰਜਾਬ ਵਿਚ ਮਾਤਮ ਛਾ ਗਿਆ। ਸਿਮਰਨ ਪਬਲਿਕ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗਣ ਕਾਰਨ 4 ਛੋਟੇ ਬੱਚਿਆਂ ਦੀ ਜਿਉਂਦੇ ਸੜਨ ਨਾਲ ਦਰਦਨਾਕ ਮੌਤ ਹੋ ਗਈ।
ਦਰਅਸਲ ਇਹ ਵੈਨ ਇਕ ਦਿਨ ਪਹਿਲਾਂ ਹੀ 20 ਹਜ਼ਾਰ ਰੁਪਏ ਵਿਚ ਕਬਾੜੀਏ ਕੋਲੋਂ ਖਰੀਦੀ ਗਈ ਸੀ, ਜਿਸ ਨੇ ਚਾਰ ਬੱਚਿਆਂ ਦੀ ਜਾਨ ਲੈ ਲਈ। ਕੱਲ ਇਹਨਾਂ ਬੱਚਿਆਂ ਨੂੰ ਪਹਿਲੇ ਦਿਨ ਹੀ ਇਸ ਵੈਨ ਵਿਚ ਲਿਜਾਇਆ ਜਾ ਰਿਹਾ ਸੀ। ਪਟਿਆਲੇ ਦੇ ਨੰਬਰ ਵਾਲੀ ਇਹ ਵੈਨ 20-22 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਵਿਚ ਕੋਈ ਅੱਗ ਬੁਝਾਊ ਯੰਤਰ ਨਹੀਂ ਸੀ।
ਅੱਜ ਕਰੀਬ 10 ਵਜੇ ਉਹਨਾਂ 4 ਬੱਚਿਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ ਵਿਚ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵੈਨ ਵਿਚ 12 ਬੱਚੇ ਸਨ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਵੈਨ ਹੀ ਸੜ ਗਈ। ਇਸ ਭਿਆਨਕ ਘਟਨਾ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਖ ਪ੍ਰਗਟਾਇਆ ਹੈ।
ਇਸ ਦੇ ਨਾਲ ਉਹਨਾਂ ਨੇ ਘਟਨਾ ਦੀ ਮਜਿਸਟ੍ਰੇਟ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਆਰੋਪੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਵੈਨ ਵਿਚ ਲੱਗੀ ਅੱਗ ਬਾਰੇ ਡ੍ਰਾਇਵਰ ਨੂੰ ਸੁਚੇਤ ਕੀਤਾ ਸੀ ਪਰ ਉਸ ਨੇ ਉਹਨਾਂ ਦੀਆਂ ਗੱਲਾਂ ‘ਤੇ ਧਿਆਨ ਨਹੀਂ ਦਿੱਤਾ।
ਇਸ ਹਾਦਸੇ ਵਿਚ ਮਾਰੇ ਗਏ 4 ਬੱਚਿਆਂ ਵਿਚੋਂ 3 ਇਕ ਹੀ ਪਰਿਵਾਰ ਦੇ ਸਨ ਜੋ ਕਿ ਬਾਜਵਾ ਪਰਿਵਾਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੰਦਾ ਬਚਣ ਵਾਲੇ ਬੱਚਿਆਂ ਵਿਚ ਢਾਈ ਸਾਲ ਦੀ ਇਕ ਬੱਚੀ ਅੱਜ ਪਹਿਲੇ ਦਿਨ ਹੀ ਸਕੂਲ ਗਈ ਸੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਸਕੂਲ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ।