ਸਿੱਖ ਜਥੇਬੰਦੀਆਂ ਨੇ ਘੇਰੀ ਐਸਜੀਪੀਸੀ ਪ੍ਰਧਾਨ ਦੀ ਗੱਡੀ, ਪੰਥ ਗੱਦਾਰ ਦੇ ਲਾਏ ਨਾਅਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਜਥੇਬੰਦੀਆਂ ਨੇ ਘੇਰੀ ਐਸਜੀਪੀਸੀ ਪ੍ਰਧਾਨ ਦੀ ਗੱਡੀ

file photo

ਲੁਧਿਆਣਾ: ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈੱਸ ਵਿਚੋਂ ਵੱਡੀ ਗਿਣਤੀ ਵਿਚ ਗ਼ਾਇਬ ਹੋਏ ਪਾਵਨ ਸਰੂਪਾਂ ਦਾ ਮਾਮਲਾ ਸ਼੍ਰੋਮਣੀ ਕਮੇਟੀ ਆਗੂਆਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ, ਜਿਸ ਦੀ ਪ੍ਰਤੀਕਿਰਿਆ  ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਲੁਧਿਆਣਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਗੱਡੀ ਘੇਰ ਲਈ ਅਤੇ ਉਨ੍ਹਾਂ ਨੂੰ 'ਪੰਥ ਗੱਦਾਰ' ਆਖਦੇ ਹੋਏ ਉਚੀ ਉਚੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਲੁਧਿਆਣਾ ਦੇ ਪਿੰਡ ਘੁਡਾਣੀ ਵਿਖੇ ਗੁਰਦੁਆਰਾ ਸਾਹਿਬ ਵਿਚ ਪੁੱਜੇ ਹੋਏ ਸਨ ਪਰ ਜਿਵੇਂ ਹੀ ਉਹ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਿਕਲੇ ਤਾਂ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਸਿੱਖ ਜਥੇਬੰਦੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਵੀ ਭਾਜੜਾਂ ਪੈ ਗਈਆਂ ਅਤੇ ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਪਰ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਐਸਜੀਪੀਸੀ ਪ੍ਰਧਾਨ ਦੀ ਕਾਰ ਅੱਗੇ ਲੰਮੇ ਪੈ ਗਏ।

ਦਰਅਸਲ ਸਿੱਖ ਜਥੇਬੰਦੀਆਂ ਵੱਲੋਂ ਗ਼ਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਸਨ ਅਤੇ ਆਖ਼ਰ ਇੰਨੀ ਵੱਡੀ ਗਿਣਤੀ ਵਿਚ ਪਾਵਨ ਸਰੂਪ ਕਿੱਥੇ ਗਏ? ਇਸ ਦੌਰਾਨ ਸਿੱਖ ਜਥੇਬੰਦੀਆਂ ਦਾ ਵਿਰੋਧ ਇੰਨਾ ਜ਼ਿਆਦਾ ਵਧ ਗਿਆ ਕਿ ਪੁਲਿਸ ਨੇ ਬੜੀ ਮਸ਼ੱਕਤ ਨਾਲ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਥੋਂ ਸੁਰੱਖਿਅਤ ਕੱਢਿਆ।

ਇਸ ਮੌਕੇ ਬੋਲਦਿਆਂ ਪੰਥਕ ਅਕਾਲੀ ਲਹਿਰ ਦੇ ਆਗੂ ਨੇ ਆਖਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਐਸਜੀਪੀਸੀ ਪ੍ਰਧਾਨ ਨੂੰ ਸਿਰਫ਼ ਇੰਨਾ ਪੁੱਛਿਆ ਗਿਆ ਸੀ ਕਿ 328 ਸਰੂਪ ਕਿੱਥੇ ਗਏ? ਜਿਨ੍ਹਾਂ ਦਾ ਹਾਲੇ ਤਕ ਪਤਾ ਨਹੀਂ ਚੱਲ ਸਕਿਆ ਤਾਂ ਐਸਜੀਪੀਸੀ ਪ੍ਰਧਾਨ ਇਸ ਦਾ ਜਵਾਬ ਦੇਣ ਦੀ ਬਜਾਏ ਉਥੋਂ ਟਾਲ ਮਟੋਲ ਕਰਨ ਲੱਗੇ, ਜਿਸ 'ਤੇ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਕੁੱਝ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਗਈ ਐ ਪਰ ਵੱਡਾ ਸਵਾਲ ਇਹ ਬਣਿਆ ਹੋਇਐ ਕਿ ਆਖ਼ਰ ਇਹ ਸਰੂਪ ਗਏ ਕਿੱਥੇ? ਸਿੱਖ ਜਥੇਬੰਦੀਆਂ ਦਾ ਕਹਿਣੈ ਕਿ ਜਦੋਂ ਤਕ ਸਰੂਪਾਂ ਦੀ ਬਰਾਮਦਗੀ ਨਹੀਂ ਹੋ ਜਾਂਦੀ, ਉਦੋਂ ਤਕ ਸ਼੍ਰੋਮਣੀ ਕਮੇਟੀ ਦੋਸ਼ ਮੁਕਤ ਨਹੀਂ ਹੋ ਸਕਦੀ।