ਪੰਜਾਬ ਸਰਕਾਰ ਵਲੋਂ ਅਨਲੌਕ-4 ਸਬੰਧੀ ਹਦਾਇਤਾਂ ਜਾਰੀ, ਵੀਕਐਂਡ ਤੇ ਰਾਤ ਦਾ ਕਰਫਿਊ ਰਹੇਗਾ ਜਾਰੀ!
ਪੰਜਾਬ ਅੰਦਰ ਵਧਦੇ ਕਰੋਨਾ ਕੇਸਾਂ ਦੇ ਹਵਾਲੇ ਨਾਲ ਲਿਆ ਗਿਆ ਫ਼ੈਸਲਾ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਭਲਕੇ ਤੋਂ ਸ਼ੁਰੂ ਹੋ ਰਹੇ ਅਨਲੌਕ-4 ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿਤੀਆਂ ਹਨ। ਪੰਜਾਬ ਸਰਕਾਰ ਨੇ ਵੀਕਐਂਡ 'ਤੇ ਲੌਕਡਾਊਨ ਅਤੇ ਰਾਤ ਦੇ ਕਰਫਿਊ ਨੂੰ ਜਿਉਂ ਦਾ ਤਿਉਂ ਰੱਖਿਆ ਹੈ। ਭਾਵੇਂ ਕੇਂਦਰ ਸਰਕਾਰ ਨੇ ਬੀਤੇ ਦਿਨੀਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ 'ਚ ਸਪੱਸ਼ਟ ਕੀਤਾ ਸੀ ਕਿ ਕੋਈ ਵੀ ਸੂਬਾ ਅਪਣੇ ਪੱਧਰ 'ਤੇ ਲੌਕਡਾਊਨ ਨਹੀਂ ਲਗਾ ਸਕੇਗਾ।
ਇਸੇ ਤਰ੍ਹਾਂ ਚੰਡੀਗੜ੍ਹ ਵਿਚ ਵੀ ਵੀਕਐਂਡ ਲੌਕਡਾਊਨ ਤੋਂ ਇਲਾਵਾ ਹੋਰ ਕਈ ਬਹੁਤ ਸਾਰੀਆਂ ਰਿਹਾਇਤਾਂ ਦਾ ਐਲਾਨ ਕਰ ਦਿਤਾ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਅੰਦਰ ਵੀ ਵੀਕਐਂਡ 'ਤੇ ਲੌਕਡਾਊਨ ਨੂੰ ਖ਼ਤਮ ਕਰਨ ਸਮੇਤ ਹੋਰ ਕਈ ਰਿਆਇਤਾਂ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਹਾਲ ਦੀ ਘੜੀ ਇਹ ਰਿਆਇਤਾਂ ਨਹੀਂ ਮਿਲੀਆਂ।
ਇਸੇ ਤਰ੍ਹਾਂ ਰਾਤ ਦਾ ਕਰਫਿਊ ਦੀ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਵਿਆਹ ਸਮਾਗਮਾਂ 'ਚ 30 ਵਿਅਕਤੀ ਅਤੇ ਮਰਗ ਦੇ ਭੋਗ 'ਤੇ 20 ਬੰਦਿਆਂ ਦੀ ਇਜਾਜ਼ਤ ਦੇ ਹੁਕਮ ਪਹਿਲਾਂ ਵਾਲੇ ਹੀ ਲਾਗੂ ਰੱਖੇ ਗਏ ਹਨ।
ਧਾਰਮਕ, ਸਿਆਸੀ ਅਤੇ ਸਮਾਜਕ ਸਮਾਗਮਾਂ 'ਚ ਇਕੱਠਾਂ ਸਬੰਧੀ ਵੀ ਕੇਂਦਰ ਸਰਕਾਰ ਨੇ ਬੀਤੇ ਦਿਨ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਇਨ੍ਹਾਂ ਸਮਾਗਮਾਂ 'ਚ 100 ਵਿਅਕਤੀਆਂ ਤਕ ਇਕੱਠ ਕਰਨ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਅੰਦਰ ਵੀ ਇਸ ਸਬੰਧੀ ਤਬਦੀਲੀ ਦੀ ਉਮੀਦ ਕੀਤੀ ਜਾ ਰਹੀ ਸੀ, ਜੋ ਨਵੇਂ ਹਦਾਇਤਾਂ ਤੋਂ ਬਾਅਦ ਪੂਰੀ ਹੁੰਦੀ ਨਜ਼ਰ ਨਹੀਂ ਆਉਂਦੀ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਅੰਦਰ ਕਰੋਨ ਦੇ ਮਰੀਜ਼ਾਂ ਦਾ ਵਧਣਾ ਲਗਾਤਾਰ ਜਾਰੀ ਹੈ। ਇਸ ਦੇ ਮੱਦੇਨਜ਼ਰ ਪਹਿਲਾਂ ਜਾਰੀ ਹਦਾਇਤਾਂ 'ਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਦਾ ਅਜੇ ਸਮਾਂ ਢੁਕਵਾਂ ਨਹੀਂ ਜਾਪਦਾ। ਭਾਵੇਂ ਵਿਦਿਆਰਥੀ ਵਰਗ ਲਈ ਕੁੱਝ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ।