ਚੰਡੀਗੜ੍ਹੀਆਂ ਨੂੰ ਰਾਹਤ :  ਵੀਕਐਂਡ 'ਤੇ ਨਹੀਂ ਲੱਗੇਗਾ ਕਰਫਿਊ, ਪੰਜਾਬ ਤੇ ਹਰਿਆਣਾ ਨਹੀਂ ਹੋਏ ਸਹਿਮਤ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

Chandigarh Administration

ਚੰਡੀਗੜ੍ਹ : ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਮੁੜ ਅਤਿਆਤੀ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਲੌਕਡਾਊਨ ਤੋਂ ਮਿਲੀ ਢਿੱਲ ਤੋਂ ਬਾਅਦ ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਲੋਕਾਂ ਵਲੋਂ ਹਦਾਇਤਾਂ ਦੀ ਇਨਬਿਨ ਪਾਲਣਾ ਨਾ ਕਰਨ ਦੀਆਂ ਆ ਰਹੀਆਂ ਖ਼ਬਰਾਂ ਦਰਮਿਆਨ ਪ੍ਰਸ਼ਾਸਨ ਨੇ ਸ਼ਹਿਰ ਅੰਦਰ ਵੀਕਐਂਡ ਕਰਫਿਊ ਲਗਾਉਣ ਦੀ ਯੋਜਨਾ ਬਣਾਈ ਸੀ। ਇਸ ਲਈ ਪ੍ਰਸਾਸਨ ਗੁਆਢੀ ਸੂਬਿਆਂ ਪੰਜਾਬ ਅਤੇ ਹਰਿਆਣਾ ਪਾਸ ਬੀਤੇ ਦਿਨੀਂ ਪ੍ਰਸਤਾਵ ਭੇਜਿਆ ਸੀ।

ਪਰ ਹੁਣ ਚੰਡੀਗੜ੍ਹ 'ਚ ਵੀਕਐਂਡ ਕਰਫਿਊ ਲੱਗਣ ਦਾ ਮਾਮਲਾ ਖਟਾਈ 'ਚ ਪੈਂਦਾ ਨਜ਼ਰ ਆ ਰਿਹਾ ਹੈ।  ਚੰਡੀਗੜ੍ਹ ਪ੍ਰਸ਼ਾਸਨ ਦੇ ਕਰਫਿਊ ਲਾਉਣ ਵਾਲੇ ਪ੍ਰਸਤਾਵ 'ਤੇ ਪੰਜਾਬ ਅਤੇ ਹਰਿਆਣਾ ਨੇ ਹਾਮੀ ਨਹੀਂ ਭਰੀ। ਵੀਕਐਂਡ ਕਰਫਿਊ ਦੇ ਪ੍ਰਸਤਾਵ 'ਤੇ ਡਾਕਟਰਾਂ, ਅਧਿਕਾਰੀਆਂ, ਵਪਾਰੀ ਐਸੋਸੀਏਸ਼ਨਾਂ ਅਤੇ ਸਿਆਸੀ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਪ੍ਰਸ਼ਾਸਨ ਪੂਰੇ ਟ੍ਰਾਈ ਸਿਟੀ ਅੰਦਰ ਵੀਕਐਂਡ ਕਰਫਿਊ ਲਾਉਣ ਦੇ ਹੱਕ ਸੀ। ਇਸ ਮੌਕੇ ਮਹਿਸੂਸ ਕੀਤਾ ਗਿਆ ਕਿ ਮੋਹਾਲੀ ਅਤੇ ਪੰਚਕੂਲਾ ਵੀਕਐਂਡ ਤੇ ਟ੍ਰਾਈ ਸਿਟੀ ਬੰਦ ਕਰਨ ਲਈ ਸਹਿਮਤ ਨਹੀਂ ਹੋਏ। ਚੰਡੀਗੜ੍ਹ ਪ੍ਰਸ਼ਾਸਨ ਹੁਣ ਇਸ ਮੁੱਦੇ 'ਤੇ ਅਗਲੇ ਹਫ਼ਤੇ ਮੁੜ ਵਿਚਾਰ-ਵਟਾਂਦਰਾ ਕਰੇਗਾ। ਇਸ ਦੌਰਾਨ ਪ੍ਰਸ਼ਾਸਕ ਨੇ ਹਦਾਇਤ ਕੀਤੀ ਕਿ ਸਾਰੀਆਂ ਜਨਤਕ ਥਾਵਾਂ 'ਤੇ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਹਿਨਣ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਬਾਰਡਰ 'ਤੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਸਕ੍ਰੀਨਿੰਗ ਕਰਨ ਤੋਂ ਇਲਾਵਾ ਸਵੇਰੇ 10 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਵੀ ਦਿਤੇ ਉਨ੍ਹਾਂ ਡੀਸੀ ਨੂੰ ਬਾਜ਼ਾਰਾਂ ਵਿਚ ਅਚਨਚੇਤ ਚੈਕਿੰਗ ਕਰਨ ਅਤੇ ਜੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਸਖ਼ਤ ਐਕਸ਼ਨ ਲੈਣ ਲਈ ਕਿਹਾ ਹੈ।

ਕਾਬਲੇਗੌਰ ਹੈ ਕਿ ਪ੍ਰਸ਼ਾਸਨ ਵਲੋਂ ਦਿਤੀ ਢਿੱਲ ਤੋਂ ਬਾਅਦ ਲੋਕਾਂ ਵਲੋਂ ਜਾਰੀ ਹਦਾਇਤਾਂ ਨੂੰ ਅਣਗੌਲਿਆ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਬੀਤੇ ਦਿਨੀਂ ਪ੍ਰਸ਼ਾਸਨ ਨੇ ਚਿਤਾਵਨੀ ਵੀ ਦਿਤੀ ਸੀ ਕਿ ਲੋਕਾਂ ਦੇ ਨਾ ਸੁਧਰਨ ਦੀ ਸੂਰਤ 'ਚ ਸ਼ਹਿਰ 'ਚ ਕਰਫਿਊ ਵੀ ਲਗਾਉਣਾ ਪੈ ਸਕਦਾ ਹੈ। ਸ਼ਹਿਰ ਅੰਦਰ ਵਧਦੇ ਕਰੋਨਾ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਚਿੰਤਤ ਹੈ, ਇਸ ਲਈ ਪ੍ਰਸ਼ਾਸਨ ਨੇ ਹੁਣ ਸ਼ਹਿਰ ਅੰਦਰ ਸਖ਼ਤੀ ਦੀ ਤਿਆਰੀ ਖਿੱਚ ਲਈ ਹੈ। ਇਸੇ ਤਹਿਤ ਹੀ ਰਾਤ 10 ਵਜੇ ਤੋਂ ਬਾਅਦ ਚੰਡੀਗੜ੍ਹ ਅੰਦਰ ਦਾਖ਼ਲ ਹੋਣ ਵਾਲਿਆਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾਂਦੀ ਹੈ ਅਤੇ ਪੂਰੀ ਛਾਣਬੀਣ ਤੋਂ ਬਾਅਦ ਹੀ ਸ਼ਹਿਰ 'ਚ ਦਾਖ਼ਲਾ ਮਿਲਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।