ਸਿੱਖਿਆ ਵਿਭਾਗ ਨੇ ਦਾਗੀ ਪ੍ਰਿੰਸੀਪਲ ਨੂੰ ਬਣਾਇਆ ਜਾਂਚ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਮ ਪਾਲ ’ਤੇ ਅਧਿਆਪਕਾਂ ਦੀ ਟ੍ਰੇਨਿੰਗ ਦੌਰਾਨ 16.40 ਲੱਖ ਰੁਪਏ ਦੇ ਜਾਅਲੀ ਬਿੱਲ ਤਿਆਰ ਕਰਨ ਦੇ ਇਲਜ਼ਾਮ

Tainted Pathankot school principal made probe officer

 

ਪਠਾਨਕੋਟ: ਸਿੱਖਿਆ ਵਿਭਾਗ ਨੇ ਪਠਾਨਕੋਟ ਦੇ ਇਕ ਦਾਗੀ ਪ੍ਰਿੰਸੀਪਲ ਨੂੰ ਵਿਭਾਗ ਦਾ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਉਚ ਅਧਿਕਾਰੀਆਂ ਵਲੋਂ ਉਸ ਪ੍ਰਿੰਸੀਪਲ ਨੂੰ ਵਿਭਾਗੀ ਕਰਮਚਾਰੀਆਂ ਅਤੇ ਅਧਿਆਪਕਾਂ ਦੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਪੜਤਾਲੀ ਅਫ਼ਸਰ ਨਿਯੁਕਤ ਕਰ ਦਿਤਾ ਗਿਆ ਹੈ , ਜੋ ਖੁਦ ਹੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਰਾਮ ਪਾਲ ’ਤੇ ਅਧਿਆਪਕਾਂ ਦੀ ਟ੍ਰੇਨਿੰਗ ਦੌਰਾਨ 16.40 ਲੱਖ ਰੁਪਏ ਦੇ ਜਾਅਲੀ ਬਿੱਲ ਤਿਆਰ ਕਰਨ ਦੇ ਇਲਜ਼ਾਮ ਹਨ, ਜਿਸ ਦੇ ਚਲਦਿਆਂ ਵਿਜੀਲੈਂਸ ਵਲੋਂ ਨਵੰਬਰ 2022 ’ਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਸਿੱਖਿਆ ਵਿਭਾਗ ਨੇ ਵੀ ਰਾਮ ਪਾਲ ਨੂੰ ਮੁਅੱਤਲ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਲਿਆ ਵਾਪਸ, ਸਰਕਾਰ ਨੇ ਅਦਾਲਤ ਨੂੰ ਦਿਤੀ ਜਾਣਕਾਰੀ

ਇਸ ਅਧਿਕਾਰੀ ਨੂੰ ਸਿੱਖਿਆ ਵਿਭਾਗ ਵਲੋਂ ਮੁੜ ਬਹਾਲੀ ਦਾ ਸਟੇਸ਼ਨ ਵੀ ਅਲਾਟ ਕੀਤਾ ਗਿਆ, ਉਸੇ ਦਿਨ ਹੀ ਵਿਭਾਗ ਦੇ ਮੁੱਖ ਦਫਤਰ ਵਲੋਂ ਪ੍ਰਿੰਸੀਪਲ ਨੂੰ ਪੜਤਾਲ ਅਫ਼ਸਰਾਂ ਦੇ ਪੈਨਲ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਦੇ ਪ੍ਰਿੰਸੀਪਲ ਰਾਮ ਪਾਲ ਨੂੰ ਵਿਜੀਲੈਂਸ ਵਲੋਂ 30 ਨਵੰਬਰ 2022 ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਮੁਅੱਤਲ ਕੀਤਾ ਗਿਆ ਸੀ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਅਧਿਆਪਕਾਂ ਦੇ ਟ੍ਰੇਨਿੰਗ ਸੈਸ਼ਨ ਦੌਰਾਨ ਕੀਤੀ ਗਈ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਸੀ।

ਇਹ ਵੀ ਪੜ੍ਹੋ: ਸਹਿਕਾਰੀ ਬੈਂਕਾਂ ਦੇ ਡਿਫਾਲਟਰਾਂ ਵਿਚ ਵੱਡੇ ਜ਼ਿਮੀਂਦਾਰਾਂ ਦੀ ਗਿਣਤੀ ਜ਼ਿਆਦਾ; ਸਹਿਕਾਰਤਾ ਕਮੇਟੀ ਦੀ ਮੀਟਿੰਗ ’ਚ ਖੁਲਾਸਾ

ਪ੍ਰਿੰਸੀਪਲ ਰਾਮ ਪਾਲ ਨੂੰ ਕਰੀਬ ਡੇਢ ਮਹੀਨੇ ਬਾਅਦ ਦਸੰਬਰ ਵਿਚ ਅਦਾਲਤ ਵਲੋਂ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਅਤੇ ਇਕ ਮਹੀਨਾ ਪਹਿਲਾਂ 26 ਜੁਲਾਈ ਨੂੰ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਉਸ ਨੂੰ ਪੈਂਡਿੰਗ ਇਨਕੁਆਰੀ ਦੀ ਸ਼ਰਤ ’ਤੇ ਮੁੜ ਬਹਾਲ ਕਰ ਦਿਤਾ ਗਿਆ। ਇਸ ਮਗਰੋਂ ਦੋ ਦਿਨ ਪਹਿਲਾਂ 28 ਅਗਸਤ ਨੂੰ ਉਸ ਨੂੰ ਸਟੇਸ਼ਨ ਅਲਾਟ ਕਰਦੇ ਹੋਏ ਮੁੜ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥਲੌਰ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। ਇਸ ਸਬੰਧੀ ਨੋਟੀਫਿਕੇਸ਼ਨ ਦੀ ਕਾਪੀ ਵੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: ਭਲਕੇ ਤੋਂ ਸੂਬੇ ਦੇ ਸਕੂਲਾਂ ਵਿਚ ਯੂਕੇਜੀ ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ ਮਿਡ-ਡੇ-ਮੀਲ; ਐਲਕੇਜੀ ਨੂੰ ਨਹੀਂ ਕੀਤਾ ਸ਼ਾਮਲ

28 ਅਗਸਤ ਨੂੰ ਡੀ.ਪੀ.ਆਈ. ਪੰਜਾਬ ਸਕੂਲ ਸਿੱਖਿਆ ਵਲੋਂ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਮੁੱਖ ਦਫਤਰ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਵਿਰੁਧ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਸਬੰਧੀ ਪ੍ਰਿੰਸੀਪਲ ਰੈਂਕ ਦੇ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਇਕ ਸੂਚੀ ਜਾਰੀ ਕੀਤੀ ਗਈ। ਜ਼ਿਲ੍ਹਾ ਪਠਾਨਕੋਟ ਦੇ 5 ਪ੍ਰਿੰਸਿਪਲ ਜੋ ਇਸ ਪੈਨਲ ਵਿਚ ਸ਼ਾਮਲ ਹਨ, ਉਨ੍ਹਾਂ ਵਿਚ ਰਾਮ ਪਾਲ ਦਾ ਨਾਂਅ ਵੀ ਸ਼ਾਮਲ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡੀ.ਪੀ.ਆਈ. ਸੈਕੰਡਰੀ ਸੰਜੀਵ ਸ਼ਰਮਾ ਦਾ ਕਹਿਣਾ ਹੈ ਕਿ ਇਹ ਗੱਲ ਉਨ੍ਹਾਂ ਦੇ ਧਿਆਨ ਨਹੀਂ ਸੀ ਕਿ ਰਾਮ ਪਾਲ ਵਿਰੁਧ ਕੋਈ ਵਿਜੀਲੈਂਸ ਜਾਂ ਵਿਭਾਗੀ ਜਾਂਚ ਚੱਲ ਰਹੀ ਹੈ। ਹੁਣ ਮਾਮਲਾ ਧਿਆਨ ਵਿਚ ਆਉਣ ਮਗਰੋਂ ਅਗਲੀ ਕਾਰਾਵਈ ਕੀਤੀ ਜਵੇਗੀ।