ਭਾਜਪਾ ਵਿਚ ਅਸਤੀਫ਼ਿਆਂ ਦਾ ਦੌਰ ਜਾਰੀ, ਭਾਜਪਾ ਪੰਜਾਬ ਦੇ ਯੂਥ ਜਰਨਲ ਸੈਕਟਰੀ ਨੇ ਦਿੱਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਅਪਣਾਏ ਜਾ ਰਹੇ ਸਖ਼ਤ ਰਵੱਈਏ ਦੇ ਰੋਸ ਵਜੋਂ ਆਗੂਆਂ ਦਿੱਤੇ ਜਾ ਰਹੇ ਅਸਤੀਫ਼ੇ

BJP Punjab Youth General Secretary resigns

ਬਠਿੰਡਾ: ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਵਿਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਵਰਕਰਾਂ ਅਤੇ ਵੱਡੇ ਆਗੂਆਂ ਵੱਲੋਂ ਲਗਾਤਾਰ ਅਸਤੀਫ਼ੇ ਦਿੱਤੇ ਜਾ ਰਹੇ ਹਨ। ਇਸ ਦੇ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਨੂੰ ਇਕ ਹੋਰ ਝਟਕਾ ਲੱਗਿਆ ਹੈ।

ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਪੰਜਾਬ ਪ੍ਰਤੀ ਅਪਣਾਏ ਜਾ ਰਹੇ ਸਖ਼ਤ ਰਵੱਈਏ ਦੇ ਰੋਸ ਵਜੋਂ ਭਾਜਪਾ ਪੰਜਾਬ ਦੇ ਯੂਥ ਜਰਨਲ ਸੈਕਟਰੀ ਬਰਿੰਦਰ ਸਿੰਘ ਕਲਿਆਣ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਵੀ ਕਈ ਮੈਂਬਰ ਭਾਜਪਾ ਨੂੰ ਅਲ਼ਵਿਦਾ ਆਖ ਚੁੱਕੇ ਹਨ। ਬੀਤੇ ਦਿਨ ਭਾਜਪਾ ਦੇ ਨੌਜਵਾਨ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਮੀਤ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।

 ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਹੁੰਦਿਆਂ ਲਿਖੇ ਅਸਤੀਫ਼ੇ ਵਿਚ ਕਿਹਾ ਸੀ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਪ੍ਰਤੀ ਮਾਰੂ ਨੀਤੀਆਂ, ਖੇਤੀਬਾੜੀ ਸੋਧ ਕਾਨੂੰਨ, ਝੋਨੇ ਦੀ ਕਟਾਈ ਸਮੇਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਭਾਰੀ ਜੁਰਮਾਨਾ ਅਤੇ ਸਜ਼ਾ ਵਰਗੇ ਆਰਡੀਨੈਂਸ ਲਿਆਂਦੇ ਗਏ ਹਨ ਜੋ ਕਿ ਸੂਬੇ ਦੀ ਕਿਸਾਨੀ ਲਈ ਘਾਤਕ ਸਿੱਧ ਹੋਣਗੇ।

ਇਸ ਤੋਂ ਇਲ਼ਾਵਾ ਬੀਤੇ ਦਿਨੀਂ ਪੰਜਾਬ ਭਾਜਪਾ ਕਿਸਾਨ ਸੈੱਲ ਦੇ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਵੀ ਕਿਸਾਨਾਂ ਦੇ ਹਿੱਤ ਵਿੱਚ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਮੂਹ ਅਹੁਦਿਆਂ ਤੋਂ ਅਸਤੀਫਾ  ਦਿੱਤਾ ਸੀ।