ਜੇ 5 ਜੂਨ ਨੂੰ ਬੀਬੀ ਬਾਦਲ ਵਲੋਂ ਅਸਤੀਫ਼ਾ ਦੇ ਦਿਤਾ ਜਾਂਦਾ ਤਾਂ ਅਕਾਲੀ ਦਲ ਦਾ ਅਕਸ ਹੋਰ ਹੁੰਦਾ : ਬਰਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਰ.ਐਸ.ਐਸ., ਬੀ.ਜੇ.ਪੀ ਅਤੇ ਬਜਰੰਗ ਦਲ ਦੀਆਂ ਕਾਰਵਾਈਆਂ ਖ਼ਤਰਨਾਕ

Jagmeet Singh Brar

ਕੋਟਕਪੂਰਾ (ਗੁਰਿੰਦਰ ਸਿੰਘ) : ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਲੀਡਰਸ਼ਿਪ ਤੋਂ ਹੋਈਆਂ ਬਹੁਤ ਵੱਡੀਆਂ ਗਲਤੀਆਂ, ਦਿੱਲੀ ਵਲੋਂ ਸ਼ੁਰੂ ਤੋਂ ਹੀ ਪੰਜਾਬ ਨਾਲ ਵਿਤਕਰਾ ਤੇ ਧੱਕੇਸ਼ਾਹੀ, ਪੈਰ-ਪੈਰ 'ਤੇ ਪੰਜਾਬੀਆਂ ਨਾਲ ਧੋਖਾ ਵਰਗੀਆਂ ਅਨੇਕਾਂ ਅਜਿਹੀਆਂ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਕਰ ਕੇ ਪੰਜਾਬੀਆਂ ਦਾ ਸਿਆਸਤਦਾਨਾਂ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ।

ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਸ਼ਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਇਕ ਨਿਜੀ ਟੀ.ਵੀ. ਚੈੱਨਲ ਨਾਲ ਗੱਲਬਾਤ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਆਰਐਸਐਸ, ਬੀਜੇਪੀ ਅਤੇ ਬਜਰੰਗ ਦਲ ਦੀਆਂ ਹਿੰਦੀ, ਹਿੰਦੂ ਅਤੇ ਹਿੰਦੂਤਵ ਦੇ ਨਾਂਅ 'ਤੇ ਭਾਰਤ 'ਚ ਜਾਤੀਵਾਦ ਫੈਲਾਉਣ ਵਾਲੀਆਂ ਹਰਕਤਾਂ ਦੇਸ਼ ਦੀ ਅਮਨ ਕਾਨੂੰਨ ਦੀ ਸਥਿਤੀ ਲਈ ਖ਼ਤਰਾ ਹੀ ਨਹੀਂ ਬਲਕਿ ਦੁਖਦਾਇਕ, ਅਫ਼ਸੋਸਨਾਕ, ਚਿੰਤਾਜਨਕ ਅਤੇ ਸ਼ਰਮਨਾਕ ਹਨ।

ਇਕ ਸਵਾਲ ਦੇ ਜਵਾਬ 'ਚ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਜੇਕਰ ਹਰਸਿਮਰਤ ਕੌਰ ਬਾਦਲ ਵਲੋਂ ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ 5 ਜੂਨ ਨੂੰ ਹੀ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਜਾਂਦਾ ਤਾਂ ਅੱਜ ਅਕਾਲੀ ਦਲ ਬਾਦਲ ਦਾ ਅਕਸ ਲੋਕਾਂ ਦੇ ਮਨਾਂ 'ਚ ਹੋਰ ਹੁੰਦਾ ਪਰ ਅਸਤੀਫ਼ਾ ਦੇਣ ਅਤੇ ਭਾਜਪਾ ਦਾ ਸਾਥ ਛੱਡਣ 'ਚ ਕੀਤੀ ਦੇਰੀ ਨਾਲ ਪਾਰਟੀ ਨੂੰ ਨੁਕਸਾਨ ਜ਼ਰੂਰ ਉਠਾਉਣਾ ਪਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਕੌਰ ਕਮੇਟੀ ਦੀ ਮੀਟਿੰਗ 'ਚ ਵੀ ਉਸ ਨੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਦਲੀਲ ਦਿਤੀ ਸੀ ਕਿ ਜੇਕਰ ਬੀਜੇਪੀ ਨਾਗਰਿਕਤਾ ਬਿੱਲ ਦੀ ਆੜ 'ਚ ਪੰਜਾਬ ਦੇ ਸ਼ਹੀਦਾਂ ਦੇ ਪਰਵਾਰਾਂ ਤੋਂ ਉਨ੍ਹਾਂ ਦੀ ਨਾਗਰਿਕਤਾ ਅਰਥਾਤ ਹੌਂਦ ਦੇ ਸਬੂਤ ਦੀ ਮੰਗ ਕਰੇਗੀ ਤਾਂ ਸਾਡੇ ਲਈ ਬਰਦਾਸ਼ਤ ਕਰਨਾ ਔਖਾ ਹੋ ਜਾਵੇਗਾ।

 ਬਰਾੜ ਨੇ ਆਖਿਆ ਕਿ ਜਿਹੜੇ ਦੇਸ਼ ਦੇ ਵੱਡੇ 32 ਵਪਾਰੀ ਅਰਬਾਂ-ਖਰਬਾਂ ਰੁਪਿਆ ਲੈ ਕੇ ਭੱਜੇ ਹਨ, ਉਨ੍ਹਾਂ 'ਚੋਂ 28 ਗੁਜਰਾਤ ਦੇ ਹਨ ਪਰ ਫਿਰ ਵੀ ਦੇਸ਼ ਦੀ 73 ਫ਼ੀ ਸਦੀ ਦੌਲਤ ਮਹਿਜ਼ ਇਕ ਫ਼ੀ ਸਦੀ ਵਪਾਰੀਆਂ ਦੇ ਹੱਥ ਸੌਂਪ ਦੇਣ ਦੀ ਨੀਤੀ ਦਾ ਸਾਨੂੰ ਵਿਰੋਧ ਕਰਨਾ ਪਵੇਗਾ। 

ਜਗਮੀਤ ਸਿੰਘ ਬਰਾੜ ਨੇ ਦਰਜਨ ਤੋਂ ਜ਼ਿਆਦਾ ਕਿਸਾਨਾਂ ਦੀ ਧਰਨਿਆਂ ਦੌਰਾਨ ਹੋਈ ਮੌਤ ਦੇ ਬਾਵਜੂਦ ਕਿਸਾਨੀ ਧਰਨਿਆਂ ਦੇ ਅਨੁਸ਼ਾਸਨਿਕ ਅਤੇ ਸ਼ਾਂਤਮਈ ਰਹਿਣ ਪ੍ਰਤੀ ਸੰਤੁਸ਼ਟੀ ਪ੍ਰਗਟਾਉਂਦਿਆਂ ਆਖਿਆ ਕਿ ਆਰਐਸਐਸ, ਬੀਜੇਪੀ ਅਤੇ ਬਜਰੰਗ ਦਲ ਵਲੋਂ ਗਊ ਰੱਖਿਆ/ਹੱਤਿਆ ਅਤੇ ਲਵਜਹਾਦ ਦੇ ਨਾਮ 'ਤੇ ਕੀਤੀਆਂ ਗਈਆਂ ਕਾਰਵਾਈਆਂ, ਦੇਸ਼ ਪ੍ਰੇਮੀਆਂ ਨੂੰ ਦੇਸ਼ਧ੍ਰੋਹੀ ਕਹਿ ਕੇ ਜਲੀਲ ਕਰਨ ਦੀਆਂ ਹਰਕਤਾਂ ਵਰਗੀਆਂ ਘਟਨਾਵਾਂ ਅਫਸੋਸਨਾਕ ਅਤੇ ਚਿੰਤਾਜਨਕ ਹਨ।

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਅੰਗਰੇਜਾਂ ਦੇ ਵਿਰੋਧ 'ਚ ਅਤੇ ਦੇਸ਼ ਦੀ ਆਜ਼ਾਦੀ ਲਈ 1928 ਤੋਂ 1942 ਤਕ ਲਗਾਤਾਰ 14 ਸਾਲ ਜੇਲ 'ਚ ਰਹਿਣ ਵਾਲੇ ਰਾਜਾ ਰਿਪੁਦਮਨ ਸਿੰਘ ਦੀ ਕੋਈ ਯਾਦਗਾਰ ਨਹੀਂ ਅਤੇ ਕੋਈ ਪੰਥਰਤਨ ਕਿਉਂ ਨਹੀਂ? ਉਨ੍ਹਾਂ ਅਨੇਕਾਂ ਉਦਾਹਰਨਾਂ ਦਿੰਦਿਆਂ ਦਸਿਆ ਕਿ ਦੇਸ਼ ਦੀ ਆਜ਼ਾਦੀ ਅਤੇ ਤਰੱਕੀ 'ਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਪਰ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਣ ਦੀ ਪੰਜਾਬੀਆਂ ਦੀ ਜ਼ੋਰਦਾਰ ਮੰਗ ਦੇ ਬਾਵਜੂਦ ਰੋਹਤਕ ਦੇ ਇਕ ਬੀਜੇਪੀ ਲੀਡਰ 'ਮੰਗਲ ਸੈਨ' ਦੇ ਨਾਂਅ 'ਤੇ ਰੱਖਣ, ਪਾਰਲੀਮੈਂਟ 'ਚ ਮਹਾਤਮਾ ਗਾਂਧੀ ਦੇ ਬੁੱਤ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਬਣਾਉਣ ਦੀ ਬਜਾਇ ਨੱਥੂ ਰਾਮ ਗੋਡਸੇ, ਹੈਡਗਵਾਰ, ਸਾਵਰਕਰ, ਗੋਵਾਲਕਰ ਵਰਗਿਆਂ ਦੇ ਬੁੱਤ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਦੇਸ਼ ਵਾਸੀ ਕਿਵੇਂ ਬਰਦਾਸ਼ਤ ਕਰਨਗੇ?

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਮੰਨਿਆ ਕਿ 400 ਪਾਵਨ ਸਰੂਪਾਂ ਦੀ ਭੇਦਭਰੀ ਹਾਲਤ 'ਚ ਹੋਈ ਗੁੰਮਸ਼ੁਦਗੀ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਜਵਾਬਦੇਹ ਹੈ ਅਤੇ ਬੇਅਦਬੀ ਕਾਂਡ ਦੇ ਮਾਮਲੇ 'ਚ ਅਕਾਲੀ ਦਲ ਵਲੋਂ ਗੰਭੀਰਤਾ ਨਾ ਦਿਖਾ ਸਕਣ 'ਚ ਮਾਰ ਜਰੂਰ ਖਾਧੀ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਸਮਾਂ ਲੰਘਾ ਚੁੱਕਾ ਲੀਡਰ ਆਖਦਿਆਂ ਆਖਿਆ ਕਿ ਉਸ ਨੂੰ ਮੇਰੀ ਤਰ੍ਹਾਂ ਪਛਤਾਉਣਾ ਪਵੇਗਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਅਰਥਾਤ 1947 ਤੋਂ ਬਾਅਦ ਜਿਹੜੀ ਪ੍ਰਸਿੱਧੀ ਨਵਜੋਤ ਸਿੱਧੂ ਨੂੰ ਮਿਲੀ, ਉਹ ਅੱਜ ਤਕ ਕਿਸੇ ਵੀ ਸਿਆਤਸਦਾਨ ਨੂੰ ਨਹੀਂ ਮਿਲ ਸਕੀ ਪਰ ਪਾਕਿਸਤਾਨ ਦੇ ਫ਼ੌਜੀ ਜਨਰਲ ਬਾਜਵਾ ਨਾਲ ਨਵਜੋਤ ਸਿੱਧੂ ਦੀ ਪਾਈ ਜੱਫ਼ੀ ਨੂੰ ਦੇਸ਼ਧ੍ਰੋਹੀ ਦਾ ਨਾਮ ਦੇਣ ਦੀ ਬਹੁਤ ਵੱਡੀ ਸਾਜਸ਼ ਹੋਈ ਹੈ।