ਭਾਜਪਾ ਅਤੇ ਆਰਐੱਸਐੱਸ ਦੀ ਮੀਟਿੰਗ ਖ਼ਿਲਾਫ਼ ਕਿਸਾਨਾਂ ਕੱਢਿਆ ਰੋਸ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਆਰਐੱਸਐੱਸ ਤੇ ਭਾਜਪਾ ਆਗੂਆਂ ਨੇ ਆਪਣੀ ਮੀਟਿੰਗ ਕਰਨ ਦਾ ਇਰਾਦਾ ਬਦਲਿਆ

Kissan protest

ਸੰਗਰੂਰ : ਭਾਜਪਾ ਆਗੂਆਂ ਵਲੋਂ ਸ਼ਹਿਰ ਦੇ ਸਰਵਹਿਤਕਾਰੀ ਸਕੂਲ ਵਿੱਚ ਮੀਟਿੰਗ ਕਰਨ ਦੀ ਭਿਣਕ ਪੈਣ ਤੇ ਅੱਜ ਸਵੇਰੇ ਸਵਖਤੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਅਤੇ ਆਰਐੱਸਐੱਸ ਦੀ ਮੀਟਿੰਗ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ । ਰੇਲਵੇ ਸਟੇਸ਼ਨ ਸੰਗਰੂਰ ਤੇ ਹਜ਼ਾਰਾਂ ਦੀ ਗਿਣਤੀ ਕਿਸਾਨ ਇਕੱਠੇ ਹੋ ਕੇ ਜਦੋਂ ਰੋਸ ਮਾਰਚ ਕਰਨ ਲੱਗੇ ਤਾਂ ਇਸ ਰੋਸ ਪ੍ਰਦਰਸ਼ਨ ਤੋਂ ਡਰਦਿਆਂ ਆਰਐੱਸਐੱਸ ਤੇ ਭਾਜਪਾ ਨੇ ਆਪਣੀ ਮੀਟਿੰਗ ਕਰਨ ਦਾ ਇਰਾਦਾ ਬਦਲ ਲਿਆ । ਕਿਸਾਨਾਂ ਨੇ ਰੇਲਵੇ ਸਟੇਸ਼ਨ ਤੋਂ ਬਰਨਾਲਾ ਕੈਂਚੀਆਂ, ਵੱਡਾ ਚੌਕ ,ਸੁਨਾਮੀ ਗੇਟ ਹੁੰਦੇ ਹੋਏ ਸ਼ਹਿਰ ਵਿਚੋਂ ਦੀ ਰੋਸ ਮਾਰਚ ਕੀਤਾ । ਆਰਐਸਐਸ ਅਤੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਸੰਗਰੂਰ  ਦੇ ਪੁਲਿਸ ਪ੍ਰਸ਼ਾਸ਼ਨ ਦੀ ਵੀ ਨਿੰਦਾ ਕੀਤੀ ਗਈ ।

ਅੱਜ ਦੇ ਰੋਸ ਮਾਰਚ ਦੀ ਅਗਵਾਈ  ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ,ਬੀ ਕੇ ਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਪੰਜਾਬ  ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਆਗੂ ਕਿਰਨਜੀਤ ਸਿੰਘ ਸੇਖੋਂ,  ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ,  ਬੀ ਕੇ ਯੂ ਕਾਦੀਆਂ ਦੇ ਜ਼ਿਲਾ ਮੀਤ ਪ੍ਰਧਾਨ ਵਰਿੰਦਰਪਾਲ ਸਿੰਘ, ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਨੇ ਅਗਵਾਈ ਕੀਤੀ  ।

ਰੇਲਵੇ ਸਟੇਸ਼ਨ ਸੰਗਰੂਰ ਤੇ ਕੀਤੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਮੋਦੀ ਸਰਕਾਰ  ਹਰ ਰੋਜ਼ ਨਵੇਂ ਤੋਂ ਨਵੇਂ ਆਰਡੀਨੈਂਸ ਅਤੇ ਕਾਨੂੰਨ ਲਿਆ ਕੇ ਕਿਸਾਨੀ ਕਿੱਤੇ ਨੂੰ ਬਰਬਾਦ ਕਰਨ ਲੱਗੀ ਹੈ ਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਘੋਲ ਨੂੰ ਵੀ ਦਬਾਉਣਾ ਚਾਹੁੰਦੀ ਹੈ ਉਥੇ ਆਰਐਸਐਸ  ਅਤੇ ਭਾਜਪਾ ਦੇ ਆਗੂ ਪੰਜਾਬ ਵਿਚ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸੇ ਕਰਕੇ ਬਾਰ ਬਾਰ ਮੀਟਿੰਗਾਂ ਤੇ ਹੋਰ ਪ੍ਰੋਗਰਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਆਗੂਆਂ ਨੇ ਸੰਗਰੂਰ ਜ਼ਿਲ੍ਹੇ ਦੇ ਐਸ  ਐਸ ਪੀ ਅਤੇ ਪੁਲਸ ਪ੍ਰਸ਼ਾਸਨ ਦੀ ਵੀ ਨਿੰਦਾ ਕੀਤੀ ਕੇ ਇਨ੍ਹਾਂ ਨੂੰ ਸਕੂਲਾਂ ਵਿਚ ਮੀਟਿੰਗਾਂ ਕਰਨ ਦੀ ਪ੍ਰਵਾਨਗੀ ਦੇ ਕੇ ਭਾਜਪਾ ਲੀਡਰਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ ।

ਜਿੱਥੇ ਅੱਜਕੱਲ੍ਹ ਸਕੂਲ ਬੰਦ ਹਨ ਬੱਚਿਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੈ ਉਨ੍ਹਾਂ ਲਈ ਤਾਂ ਸਕੂਲ ਖੁੱਲ੍ਹ ਨਹੀਂ ਰਹੇ ਪਰ ਭਾਜਪਾ ਲੀਡਰ ਕਿਵੇਂ ਸਕੂਲਾਂ  ਵਿੱਚ ਮੀਟਿੰਗਾਂ ਕਰ ਰਹੇ ਕਰ ਰਹੇ ਹਨ ? ਇਹ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਾਨੂੰ ਮੀਟਿੰਗ ਦੀ ਕਿਸੇ ਪਾਸੇ ਵੀ ਭਿਣਕ ਪੈਂਦੀ ਹੈ ਤਾਂ ਅਸੀਂ ਇਸ ਦਾ ਜ਼ੋਰਦਾਰ ਵਿਰੋਧ ਕਰਾਂਗੇ ਚਾਹੇ ਸਮਾਂ ਰਾਤ ਦਾ ਹੋਵੇ ਚਾਹੇ ਦਿਨ ਦਾ ਅਸੀਂ ਚੌਵੀ ਘੰਟੇ ਇਸ ਗੱਲ ਦੀ ਨਿਗਰਾਨੀ ਕਰ ਰਹੇ ਹਾਂ।

ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ )ਦੇ ਆਗੂ ਨਰੰਜਣ ਸਿੰਘ ਚੁਨਾਗਰਾ ,ਨਿਰਮਲ ਸਿੰਘ ਬਟਰਿਆਣਾ, ਕਿਸਾਨ ਆਗੂ  ਸ਼ਿਆਮ ਦਾਸ ਕਾਂਝਲੀ, ਭਜਨ ਸਿੰਘ ਢੱਡਰੀਆਂ, ਗੁਰਮੀਤ ਸਿੰਘ ਕਪਿਆਲ,ਮੰਗਤ ਰਾਮ ਲੌਂਗੋਵਾਲ , ਮਿੱਠਾ ਸਿੰਘ ਬਡਰੁੱਖਾਂ, ਅਮਰੀਕ ਸਿੰਘ ਕਾਂਝਲਾ,  ਕਸ਼ਮੀਰ ਸਿੰਘ  ਅਤੇ  ਔਰਤ ਆਗੂ ਸੁਖਪਾਲ ਕੌਰ ਛਾਜਲੀ ਨੇ ਦੱਸਿਆ ਕਿ  ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਦਿੱਤੇ ਸੱਦੇ ਤਹਿਤ 5 ਨਵੰਬਰ ਨੂੰ ਚਾਰ ਘੰਟੇ ਸੜਕਾਂ ਜਾਮ ਕਰਨ ਲਈ ਸੰਗਰੂਰ ਜ਼ਿਲ੍ਹੇ ਦੇ  ਧੂਰੀ, ਮਲੇਰਕੋਟਲਾ,ਭਵਾਨੀਗੜ੍ਹ, ਸੰਗਰੂਰ, ਲਹਿਰਾ, ਸ਼ੇਰਪੁਰ ਸਮੇਤ ਇਨ੍ਹਾਂ ਥਾਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਪਿੰਡਾਂ ਵਿੱਚ ਵੱਡੇ ਪੱਧਰ ਤੇ ਤਿਆਰੀ ਸ਼ੁਰੂ  ਕਰ ਦਿੱਤੀ ਗਈ ਹੈ।