ਜਾਅਲੀ ਵੋਟ ਪਏ ਜਾਣ 'ਤੇ ਮਨਪ੍ਰੀਤ ਬਾਦਲ ਨੇ ਪ੍ਰਗਟਾਇਆ ਇਸ ਵਿਅਕਤੀ 'ਤੇ ਸ਼ੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਪੰਚਾਇਤ ਚੋਣਾਂ ਦੌਰਾਨ ਅਪਣੀ ਵੋਟ ਕਿਸੇ ਹੋਰ ਵਲੋਂ ਪਾਏ ਜਾਣ...

Manpreet Singh Badal

ਚੰਡੀਗੜ੍ਹ : ਪੰਜਾਬ ਵਿਚ ਪੰਚਾਇਤ ਚੋਣਾਂ ਦੌਰਾਨ ਅਪਣੀ ਵੋਟ ਕਿਸੇ ਹੋਰ ਵਲੋਂ ਪਾਏ ਜਾਣ ਨੂੰ ਲੈ ਕੇ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ੁਦ ਵੀ ਹੈਰਾਨ ਹਨ। ਇਸ ਸਬੰਧ ਵਿਚ ਮਨਪ੍ਰੀਤ ਬਾਦਲ ਨੇ ਸਵਾਲ ਵੀ ਚੁੱਕੇ ਹਨ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਬਿਮਾਰ ਹੋਣ ਕਰਕੇ ਬਾਦਲ ਪਿੰਡ ਵੋਟ ਪਾਉਣ ਨਹੀਂ ਜਾ ਸਕੇ ਪਰ ਪਤਾ ਲੱਗਾ ਹੈ ਕਿ ਵੋਟ ਕਿਸੇ ਹੋਰ ਨੇ ਪਾ ਦਿਤੀ ਹੈ।

ਦੱਸ ਦਈਏ ਕਿ ਬੀਤੇ ਐਤਵਾਰ ਵਾਲੇ ਦਿਨ ਪੰਚਾਇਤ ਚੋਣਾਂ ਦੌਰਾਨ ਪੰਜਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਫਰਜ਼ੀ ਵੋਟ ਪਾਈ ਗਈ ਹੈ। ਅਪਣੀ ਵੋਟ ਪੈਣ ‘ਤੇ ਸ਼ੱਕ ਜ਼ਾਹਰ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਾਦਲ ਪਿੰਡ ਵਿਚ ਇਕ ਹੋਰ ਮਨਪ੍ਰੀਤ ਸਿੰਘ ਬਾਦਲ ਨਾਮ ਦਾ ਬੰਦਾ ਹੈ। ਉਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਖ਼ਰਾਬ ਕਰਨ ਲਈ ਵੀ ਖੜ੍ਹਾ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਬੰਦੇ ਨੇ ਵੋਟ ਪਾਈ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਅਸਲ ਕਹਾਣੀ ਤਾਂ ਪ੍ਰੀਜ਼ਾਈਡਿੰਗ ਅਫ਼ਸਰ ਹੀ ਦੱਸ ਸਕਦੇ ਹਨ। ਮਨਪ੍ਰੀਤ ਬਾਦਲ ਨੇ ਇਸ ਮਾਮਲੇ ਵਿਚ ਚੋਣ ਕਮਿਸ਼ਨ ਨੂੰ ਕੋਈ ਸ਼ਿਕਾਇਤ ਦੇਣ ਤੋਂ ਮਨ੍ਹਾ ਕੀਤਾ ਹੈ। ਮਨਪ੍ਰੀਤ ਬਾਦਲ ਨੇ ਗੱਲਬਾਤ ਦੌਰਾਨ ਸੱਜਣ ਕੁਮਾਰ ਦੇ ਆਤਮ ਸਮਰਪਣ ‘ਤੇ ਕਿਹਾ ਕਿ ਦੇਰ ਆਏ ਦਰੁਸਤ ਆਏ। ਸਿੱਖ ਕਤਲੇਆਮ ਦੇ ਪੀੜਤ ਪਰਵਾਰ 34 ਸਾਲ ਤੋਂ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਫ਼ੈਸਲੇ ਦਾ ਸਵਾਗਤ ਕੀਤਾ।