2020 ਵਿਚ ਹਰ ਸਵਾਲ ਦਾ ਜਵਾਬ ਦਿਆਂਗਾ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਢੀਂਡਸਾ ਦੀ ਚੁੱਪ ਤੋਂ ਮਿਲ ਰਹੀ ਹੈ ਵੱਡੀ ਸਿਆਸੀ ਹਲਚਲ ਦੀ ਆਹਟ

Sukhdev Dhindsa

ਧਨੌਲਾ : ਬੀਤੇ ਦਿਨ ਧਨੌਲਾ ਵਿਖੇ ਸੁਖਦੇਵ ਢੀਂਡਸਾ ਇੱਥੋਂ ਦੇ ਨਾਮੀ ਵਕੀਲ ਚਰਨਜੀਤ ਸਿੰਘ ਜਟਾਣਾ ਦੀ ਹੋਈ ਬੇਵਕਤੀ ਮੌਤ ਦਾ ਅਫ਼ਸੋਸ ਕਰਨ ਪਹੁੰਚੇ। ਇਸੇ ਦੌਰਾਨ ਜਦੋਂ ਢੀਂਡਸਾ ਤੋਂ ਕੁਝ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਇਹ ਆਖ ਕੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ ਕਿ 2020 ਵਿਚ ਉਹ ਹਰ ਸਵਾਲ ਦਾ ਜਵਾਬ ਦੇਣਗੇ।

ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗ਼ੀ ਹੋਏ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦੀ ਚੁੱਪ ਤੋਂ ਵੱਡੀ ਸਿਆਸੀ ਹਲਚਲ ਦੀ ਆਹਟ ਆ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਸੁਖਦੇਵ ਸਿੰਘ ਢੀਂਡਸਾ ਸੀਨੀਅਰ ਅਕਾਲੀ ਆਗੂ ਅਤੇ ਮੌਜੂਦਾ ਰਾਜ ਸਭਾ ਮੈਂਬਰ ਅਪਣੀ ਮਾਂ ਪਾਰਟੀ ਤੋਂ ਨਾਰਾਜ਼ ਚੱਲੇ ਆ ਰਹੇ ਹਨ। ਇਸੇ ਨਾਰਾਜ਼ਗੀ ਦੇ ਚਲਦਿਆਂ ਪਿਛਲੇ ਦਿਨੀ ਉਨ੍ਹਾਂ ਅਪਣੇ ਗ੍ਰਹਿ ਵਿਖੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ। ਜਿਸ ਵਿਚ ਕਈ ਨਾਮੀ ਅਕਾਲੀ ਲੀਡਰ ਪਹੁੰਚੇ ਸਨ।

ਇਸੇ ਦੌਰਾਨ ਢੀਂਡਸਾ ਵਲੋਂ ਆਖਿਆ ਗਿਆ ਸੀ ਕਿ ਉਨ੍ਹਾਂ ਦੀ ਨਾਰਾਜ਼ਗੀ ਸੁਖਬੀਰ ਸਿੰਘ ਬਾਦਲ ਨੂੰ ਮਿਲੀ ਪਾਰਟੀ ਦੀ ਕਮਾਂਡ ਤੋਂ ਹੈ। ਉਨ੍ਹਾਂ ਇਹ ਵੀ ਆਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਪਰਵਾਰਵਾਦ ਹਾਵੀ ਹੋ ਚੁੱਕਿਆ ਹੈ ਅਤੇ ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿਚ 2017 ਦੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਪਸਤ ਹੋਈ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਉਨ੍ਹਾਂ ਵਲੋਂ ਵੱਡੇ ਬਾਦਲ ਨਾਲ ਗੱਲਬਾਤ ਕੀਤੀ ਗਈ ਸੀ ਪਰ ਪ੍ਰਕਾਸ਼ ਸਿੰਘ ਬਾਦਲ ਵਲੋਂ ਉਨ੍ਹਾਂ ਦੀ ਗੱਲ ਨੂੰ ਤਵੱਜੋ ਨਾ ਦਿਤੀ ਗਈ ਜਿਸ ਕਾਰਨ ਪਾਰਟੀ ਵਿਰੋਧੀ ਧਿਰ ਵਿਚ ਵੀ ਅਪਣੀ ਥਾਂ ਨਾਂ ਬਣਾ ਸਕੀ।

 ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਢੀਂਡਸਾ ਦੀ ਇਹ ਚੁੱਪ ਕਿਸੇ ਵੱਡੀ ਸਿਆਸੀ ਹਲਚਲ ਦੀ ਆਹਟ ਨਜ਼ਰ ਆ ਰਹੀ ਹੈ। ਹੁਣ 2020 ਵਿਚ ਹੀ ਪਤਾ ਲੱਗੇਗਾ ਕਿ ਢੀਂਡਸਾ ਕਿਸ ਤਰ੍ਹਾਂ ਅਪਣੀ ਅਗਲੀ ਸਿਆਸੀ ਖੇਡ ਸ਼ੁਰੂ ਕਰਨਗੇ।  ਜੇ ਮਾਹਰਾਂ ਦੀ ਮੰਨੀਏ ਤਾਂ ਸੁਖਦੇਵ ਸਿੰਘ ਢੀਂਡਸਾ ਅਤੇ ਟਕਸਾਲੀ ਆਗੂ ਹੋਰ ਦਲਾਂ ਨਾਲ ਮਿਲ ਕੇ ਸਭ ਤੋਂ ਪਹਿਲਾਂ ਐਸਜੀਪੀਸੀ ਚੋਣਾਂ ਕਰਾਉਣ ਦੇ ਹੱਕ ਵਿਚ ਹਨ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਢੀਂਡਸਾ ਵਲੋਂ ਪਿਛਲੀ ਉਮਰੇ ਸ਼ੁਰੂ ਕੀਤੀ ਸਿਆਸੀ ਕਬੱਡੀ ਵਿਚ ਉਹ ਕਿੰਨੇ ਕੁ ਕਾਮਯਾਬ ਹੋਣਗੇ।