ਸੁਖਬੀਰ ਦਾ ਭਾਜਪਾ ’ਤੇ ਤਿੱਖਾ ਹਮਲਾ. ਕਿਹਾ, ਪ੍ਰਧਾਨ ਮੰਤਰੀ ਮੋਦੀ ਤਾਨਾਸ਼ਾਹ ਵਾਂਗ ਚਲਾ ਰਹੇ ਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਦੇਸ਼ ’ਚ ਖੇਤਰੀ ਪਾਰਟੀਆਂ ਦਾ ਨਵਾਂ ਪਲੇਟਫ਼ਾਰਮ ਤਿਆਰ ਕਰੇਗਾ

Sukhbir Singh Badal

ਬਠਿੰਡਾ : ਦੇਸ ’ਚ ਭਾਜਪਾ ਦੀ ਸੱਭ ਤੋਂ ਭਿਆਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਮੋਦੀ ਇਕ ਤਾਨਾਸ਼ਾਹ ਵਾਂਗ ਦੇਸ ਨੂੰ ਚਲਾ ਰਹੇ ਹਨ, ਜਿਸਦੇ ਨਤੀਜੇ ਅੱਜ ਸਭ ਦੇ ਸਾਹਮਣੇ ਹਨ। 
ਅੱਜ ਬਠਿੰਡਾ ’ਚ ਦੋ ਜ਼ਿਲ੍ਹਿਆਂ ਦੇ ਆਗੂਆਂ ਨਾਲ ਰੱਖੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਸੰਘੀ ਢਾਂਚੇ ਦੀ ਬਜਾਏ ਕੇਂਦਰੀਕਰਨ ’ਤੇ ਜ਼ਿਆਦਾ ਜ਼ੋਰ ਦੇ ਰਹੀ ਹੈ, ਜਿਸ ਦੇ ਚਲਦੇ ਸੂਬਿਆਂ ਦੇ ਅਧਿਕਾਰ ਖੇਤਰ ਵਾਲੇ ਵਿਸ਼ਿਆਂ ’ਤੇ ਕਾਨੂੰਨ ਬਣਾਏ ਜਾ ਰਹੇ ਹਨ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘‘ਅਕਾਲੀ ਦਲ ਦੇਸ਼ ’ਚ ਖੇਤਰੀ ਪਾਰਟੀਆਂ ਦਾ ਇਕ ਨਵਾਂ ਪਲੇਟਫ਼ਾਰਮ ਖੜਾ ਕਰੇਗਾ ਪ੍ਰੰਤੂ ਕਾਂਗਰਸ ਦੀ ਸ਼ਮੂਲੀਅਤ ਵਾਲੇ ਕਿਸੇ ਵੀ ਗਠਜੋੜ ਵਿਚ ਸ਼ਾਮਲ ਨਹੀਂ ਹੋਵੇਗਾ।’’  ਭਾਜਪਾ ਦੀ ਕੌਮੀ ਲੀਡਰਸ਼ਿਪ ਉਪਰ ਅਪਣੇ ਸਭ ਤੋਂ ਪੁਰਾਣੇ ਸਾਥੀ ਅਕਾਲੀ ਦਲ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਸੁਖਬੀਰ ਨੇ ਕਿਹਾ ਕਿ ਵਜ਼ਾਰਤ ’ਚ ਲਏ ਫ਼ੈਸਲਿਆਂ ਬਾਰੇ ਖ਼ਾਸਕਰ ਕਿਸਾਨੀ ਬਿੱਲਾਂ ’ਤੇ ਅਕਾਲੀ ਦਲ ਨਾਲ ਕੋਈ ਰਾਏ ਮਸ਼ਵਰਾ ਨਹੀਂ ਕੀਤਾ ਗਿਆ।

ਪਿਛਲੇ ਦਿਨੀਂ ਅਪਣੇ ਵਲੋਂ ਭਾਜਪਾ ਬਾਰੇ ਟੁਕੜੇ-ਟੁਕੜੇ ਗੈਂਗ ਸਬੰਧੀ ਦਿਤੇ ਬਿਆਨ ਦੀ ਸਫ਼ਾਈ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅੱਜ ਦੇਸ਼ ’ਚ ਇਕ ਨਵਾਂ ਫ਼ਾਰਮੂਲਾ ਘੜ ਲਿਆ ਗਿਆ ਹੈ ਜੋ ਭਾਜਪਾ ਦੇ ਹੱਕ ਵਿਚ ਬੋਲਦਾ ਹੈ, ਉਹ ਦੇਸ਼ ਭਗਤ ਤੇ ਦੂਜੇ ਵਿਰੋਧੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰੂ ਵੀ ਖ਼ਾਲਿਸਤਾਨੀ ਕਹਿ ਕੇ ਤਾਰੋਪੀਡ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ। ਕਿਸਾਨੀ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਦਿਲੀ ਮੋਰਚੇ ਵਿਚ ਸ਼ਮੂਲੀਅਤ ਲਈ ਵੱਡੀ ਗਿਣਤੀ ਵਿਚ ਅਕਾਲੀ ਲੀਡਰ ਤੇ ਵਰਕਰ ਪੁੱਜੇ ਹੋਏ ਹਨ ਤੇ ਇਹ ਜ਼ਰੂਰ ਸਫ਼ਲ ਹੋਵੇਗਾ।

ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ। ਸੁਖਬੀਰ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਉਪਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰਿਆਂ ਉਪਰ ਕੰਮ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕੈਪਟਨ ਨੂੰ ਵੀ ਹੁਣ ਤਕ ਦਾ ਸੱਭ ਤੋਂ ਨਿਕੰਮਾ ਮੁੱਖ ਮੰਤਰੀ ਕਰਾਰ ਦਿਤਾ।
ਇਸ ਮੌਕੇ ਉਨ੍ਹਾਂ ਨਾਲ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸਰੂਪ ਸਿੰਗਲਾ, ਜਗਦੀਪ ਸਿੰਘ ਨਕਈ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ,ਇਕਬਾਲ ਸਿੰਘ ਬਬਲੀ ਢਿੱਲੋਂ, ਚਮਕੌਰ ਮਾਨ ਆਦਿ ਹਾਜ਼ਰ ਸਨ।