ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ’ਤੇ ਹਥਿਆਰਾਂ ਦੀ ਨੋਕ ’ਤੇ ਕੀਤਾ ਕਬਜ਼ਾ, ਮਾਹੌਲ ਹੋਇਆ ਤਣਾਅਪੂਰਨ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਲੀ ਜਾਣਕਾਰੀ ਅਨੁਸਾਰ ਇਸ ਕਬਜ਼ੇ ਦੌਰਾਨ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਰਹਿੰਦੇ ਕੁੱਝ ਪਰਿਵਾਰਾਂ ਨੂੰ ਬੰਧਕ ਬਣਾਇਆ ਗਿਆ ਹੈ

Protest

ਤਰਨਤਾਰਨ (ਨਿਸ਼ਾਨ ਸਹੋਤਾ): ਪੱਟੀ ਮੋੜ ਦੇ ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਵਾਲੇ ਬਾਬਾ ਤਾਰਾ ਸਿੰਘ ਵਲੋਂ ਨਿਹੰਗਾਂ ਸਿੰਘਾਂ ਸਮੇਤ ਵੱਡੇ ਪੱਧਰ ’ਤੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਕਬਜ਼ੇ ਦੌਰਾਨ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਰਹਿੰਦੇ ਕੁੱਝ ਪਰਿਵਾਰਾਂ ਨੂੰ ਬੰਧਕ ਬਣਾਇਆ ਗਿਆ ਹੈ ਅਤੇ ਰਾਤ ਸਮੇਂ ਗੋਲੀਆਂ ਵੀ ਚਲਾਈਆਂ ਗਈਆਂ। ਇਸ ਦੀ ਸੀਸੀਟੀ ਫੁਟੇਜ ਵੀ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਇਸ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਸੇਵਾ ਨਿਭਾਅ ਰਹੇ ਸਨ ਅਤੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਬਾਬਾ ਧਰਮ ਸਿੰਘ ਨੂੰ ਇਸ ਦੀ ਸੇਵਾ ਸੌਂਪੀ ਗਈ ਸੀ ਅਤੇ ਇਸੇ ਗੱਲ ਨੂੰ ਲੈ ਕੇ ਬਾਬਾ ਝਾੜ ਸਾਹਿਬ ਵਾਲੇ ਬਾਬਾ ਤਾਰਾ ਸਿੰਘ ਇਸ ਗੁਰਦੁਆਰੇ ਦੀ ਸੇਵਾ ਨਿਭਾਉਣੀ ਚਾਹੁੰਦੇ ਸਨ ਪਰ ਇਥੋਂ ਦੇ ਨਾਲ ਲੱਗਦੇ ਚਾਰ ਤੋਂ ਪੰਜ ਪਿੰਡਾਂ ਨੂੰ ਇਹ ਮਨਜ਼ੂਰ ਨਹੀਂ ਸੀ।

ਕਈ ਦਿਨਾਂ ਤੋਂ ਇਸ ਗੁਰਦੁਆਰੇ ’ਤੇ ਕਬਜ਼ੇ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਹੀ ਰਾਤ ਸਮੇਂ ਬਾਬਾ ਝਾੜ ਸਾਹਿਬ ਵਾਲੇ ਤਾਰਾ ਸਿੰਘ ਅਤੇ ਹੋਰ ਨਿਹੰਗਾ ਸਿੰਘਾਂ ਨੇ ਇਕੱਤਰ ਹੋ ਕੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰ ਲਿਆ। ਇਸ ਬਾਰੇ ਜਦੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪੱਤਾ ਲੱਗਿਆ ਤਾਂ ਉਹਨਾਂ ਨੇ ਪੱਟੀ ਮੌੜ ਚੌਕ ਵਿਖੇ ਇਕੱਠੇ ਹੋ ਕੇ ਚੌਂਕ ਜਾਮ ਕੀਤਾ। ਇਸ ਦੌਰਾਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਕਬਜ਼ਾ ਧਾਰਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੁਲਿਸ ਵਲੋਂ ਲੋਕਾਂ ਸ਼ਾਂਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸਬੰਧੀ ਸਬ ਡਵੀਜ਼ਨ ਪੱਟੀ ਦੇ ਡੀਐੱਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚ ਤਣਾਅ ਚੱਲਦਾ ਆ ਰਿਹਾ ਸੀ, ਜਿਸ ਤੋਂ ਬਾਅਦ ਇਹ ਸਥਿਤੀ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।