ਦਸਤਾਰ ਦੀ ਜੰਗ ਜਿੱਤ ਸੰਦੀਪ ਨੇ ਰੌਸ਼ਨ ਕੀਤਾ ਸੀ ਸਿੱਖ ਕੌਮ ਦਾ ਨਾਂਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸੰਦੀਪ ਧਾਲੀਵਾਲ ਦੀ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ

Sandeep Singh Dhaliwal

ਕਪੂਰਥਲਾ: ਅਮਰੀਕਾ ਵਿਚ ਮਾਰੇ ਗਏ ਪਹਿਲੇ ਪੱਗੜੀਧਾਰੀ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਧਾਲੀਵਾਲ ਬੇਟ ਵਿਖੇ ਸੋਗ ਦੀ ਲਹਿਰ ਦੌੜ ਗਈ। ਸੰਦੀਪ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਿੱਛੇ ਪਿੰਡ ਵਿਚ ਰਹਿ ਰਹੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਦੇ ਫੁੱਫੜ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਨੇ ਦਸਤਾਰ ਨੂੰ ਲੈ ਕੇ ਪੰਜ ਸਾਲ ਕਨੂੰਨੀ ਲੜਾਈ ਲੜਦਿਆਂ ਆਖਰ ਜਿੱਤ ਹਾਸਲ ਕੀਤੀ ਸੀ, ਜਿਸ ’ਤੇ ਸਮੂਹ ਸਿੱਖ ਸਮਾਜ ਫ਼ਖ਼ਰ ਮਹਿਸੂਸ ਕਰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਮੇਰੀ  ਸੰਦੀਪ ਨਾਲ ਫੋਨ ’ਤੇ ਗੱਲਬਾਤ ਹੋਈ ਸੀ ਜੋ ਜਲਦ ਭਾਰਤ ਆਉਣ ਦੀ ਗੱਲ ਆਖ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਸੰਦੀਪ ਸਿੰਘ ਅਪਣੀ ਮਿੱਟੀ ਨਾਲ ਜੁੜਿਆ ਹੋਣ ਕਾਰਨ ਅਕਸਰ ਸਾਲ ਛਿਮਾਹੀ ਪਿੰਡ ਦਾ ਗੇੜਾ ਲਗਾਉਂਦਾ ਸੀ ਅਤੇ ਸਮੂਹ ਪਿੰਡ ਵਾਸੀਆਂ ਨੂੰ ਮਿਲ ਕੇ ਜਾਂਦਾ ਸੀ। ਸਾਰੇ ਪਿੰਡ ਵਾਸੀ ਵੀ ਸੰਦੀਪ ਸਿੰਘ ਧਾਲੀਵਾਲ ’ਤੇ ਮਾਣ ਮਹਿਸੂਸ ਕਰਦੇ ਸਨ।

ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਨੂੰ ਅਮਰੀਕਾ ਵਿਚ ਉਸ ਸਮੇਂ ਕੁੱਝ ਕਾਰ ਸਵਾਰ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ, ਜਦੋਂ ਉਹ ਅਪਣੀ ਡਿਊਟੀ ’ਤੇ ਤਾਇਨਾਤ ਸੀ। ਸੰਦੀਪ ਸਿੰਘ ਨੇ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਪਤਨੀ ਰਛਪਾਲ ਕੌਰ ਤੋਂ ਇਲਾਵਾ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।