ਪੰਜਾਬੀ ਪਰਵਾਰ ਦੇ ਕਤਲ ਦੇ ਦੋਸ਼ 'ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਘਰ ਦਾ ਜਵਾਈ ਹੀ ਨਿਕਲਿਆ ਕਾਤਲ

Indian-Origin Truck Driver Arrested In US For Killing Wife, 3 Others

ਵਾਸ਼ਿੰਗਟਨ : ਅਮਰੀਕਾ ਵਿਚ ਅਪ੍ਰੈਲ ਮਹੀਨੇ 'ਚ ਪੰਜਾਬੀ ਭਾਈਚਾਰੇ ਅੰਦਰ ਉਸ ਵੇਲੇ ਗੁੱਸੇ ਦੀ ਲਹਿਰ ਦੌੜ ਗਈ ਸੀ ਜਦੋਂ ਪਤਾ ਲੱਗਾ ਸੀ ਕਿ ਕਿਸੇ ਨੇ ਪੂਰੇ ਪਰਵਾਰ ਦਾ ਕਤਲ ਕਰ ਦਿਤਾ ਹੈ ਪਰ ਅਮਰੀਕਾ ਦੀ ਤੇਜ਼ ਤਰਾਰ ਪੁਲਿਸ ਨੇ ਮਾਮਲੇ ਦੀ ਤੈਅ ਤਕ ਜਾਂਦਿਆਂ ਕਤਲ ਦੀ ਗੁੱਧੀ ਸੁਲਝਾ ਲਈ ਹੈ ਤੇ ਕਾਤਲ ਪੁਲਿਸ ਦੇ ਹੱਥ ਲੱਗ ਗਿਆ ਹੈ। ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਟਰੱਕ ਚਾਲਕ ਨੂੰ ਇਸ ਸਾਲ ਅਪ੍ਰੈਲ 'ਚ ਅਪਣੀ ਪਤਨੀ ਅਤੇ ਉਸ ਦੇ ਪਰਵਾਰ ਦੇ ਤਿੰਨ ਲੋਕਾਂ ਦੀ ਹਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਓਹੀਓ ਦੇ ਟਰੱਕ ਚਾਲਕ 37 ਸਾਲਾ ਗੁਰਪ੍ਰੀਤ ਸਿੰਘ ਨੂੰ ਕਨੈਕਟਿਕ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਨੇ ਦਸਿਆ ਕਿ ਕਤਲ ਦਾ ਮੁੱਖ ਕਾਰਨ ਸ਼ਲਿੰਦਰ ਕੌਰ ਦੇ ਮਾਪਿਆਂ ਦੀ ਜਾਇਦਾਦ ਸੀ ਕਿਉਂਕਿ ਉਹ ਉਨ੍ਹਾਂ ਦੀ ਇਕਲੌਤੀ ਧੀ ਸੀ। ਸ਼ਲਿੰਦਰ ਕੌਰ ਦੇ ਮਾਪਿਆਂ ਦਾ ਪਿੰਡ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਪਿੰਡ ਮਹੱਦੀਆਂ ਹੈ। ਇਸ ਪਰਵਾਰ ਕੋਲ ਮਹੱਦੀਆਂ ਪਿੰਡ ਵਿਚ ਕਾਫੀ ਜ਼ਮੀਨ ਸਮੇਤ ਹੋਰ ਵੀ ਕਾਫੀ ਜ਼ਾਇਦਾਦ ਸੀ, ਜਿਸ ਦੀ ਇਕਲੌਤੀ ਵਾਰਸ ਸ਼ਲਿੰਦਰ ਕੌਰ ਸੀ। ਦੋਸ਼ੀ ਗੁਰਪ੍ਰੀਤ ਸਿੰਘ ਦਾ ਪਿੰਡ ਮਾਨੂਪੁਰ ਗੋਸਲਾਂ ਹੈ। ਅਮਰੀਕਾ ਰਹਿੰਦੀ ਸ਼ਲਿੰਦਰ ਕੌਰ ਦਾ ਵਿਆਹ ਗੁਰਪ੍ਰੀਤ ਸਿੰਘ ਨਾਲ ਹੋਇਆ ਤੇ ਉਹ ਵੀ ਅਮਰੀਕਾ ਆ ਗਿਆ ਸੀ। ਗੁਰਪ੍ਰੀਤ ਸਿੰਘ ਤਿੰਨ ਬੱਚਿਆਂ ਦਾ ਬਾਪ ਹੈ। ਉਸ ਦੀਆਂ ਦੋ ਧੀਆਂ 11 ਅਤੇ 9 ਸਾਲ ਦੀਆਂ ਹਨ ਅਤੇ ਇਕ 5 ਸਾਲ ਦਾ ਪੁੱਤਰ ਵੀ ਹੈ।

ਵੈਸਟ ਚੈਸਟਰ ਟਾਉਨਸ਼ਿੱਪ ਪੁਲਿਸ ਮੁਖੀ ਜੋਏਲ ਹਰਜੋਗ ਨੇ ਦਸਿਆ ਕਿ ਨਿਊ ਹੈਵੇਨ ਕਾਉਂਟੀ ਵਿਚ ਫੜੇ ਸਿੰਘ ਨੂੰ ਓਹੀਓ ਪੁਲਿਸ ਨੂੰ ਸੌਂਪ ਦਿਤਾ ਜਾਵੇਗਾ। ਉਸ 'ਤੇ ਚਾਰ ਹਤਿਆਵਾਂ ਦਾ ਕੇਸ ਚੱਲੇਗਾ। ਪੁਲਿਸ ਨੇ ਦਸਿਆ ਕਿ ਪੰਜਾਬੀ ਮੂਲ ਦੇ ਗੁਰਪ੍ਰੀਤ ਸਿੰਘ ਨੇ ਲੰਘੇ ਅਪ੍ਰੈਲ ਮਹੀਨੇ ਅਪਣੀ ਪਤਨੀ ਸ਼ਲਿੰਦਰ ਕੌਰ (39), ਸਹੁਰੇ ਹਰਕੀਰਤ ਸਿੰਘ ਪਨਾਗ (59), ਸੱਸ ਪਰਮਜੀਤ ਕੌਰ (62) ਅਤੇ ਮਾਸੀ ਸੱਸ ਅਮਰਜੀਤ ਕੌਰ (58) ਦਾ ਘਰ ਅੰਦਰ ਹੀ ਕਤਲ ਕਰ ਦਿਤਾ ਸੀ। ਉਨ੍ਹਾਂ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਨੇ ਕਤਲ ਦੀ ਸੱਭ ਤੋਂ ਪਹਿਲੀ ਜਾਣਕਾਰੀ ਖ਼ੁਦ ਹੀ ਫ਼ੋਨ ਕਰ ਕੇ ਸਥਾਨਕ ਪੁਲਿਸ ਨੂੰ ਦਿਤੀ ਸੀ। 

ਬ੍ਰੈਨਫ਼ੋਰਡ ਪੁਲਿਸ ਵਿਭਾਗ ਨੇ ਫ਼ੇਸਬੁੱਕ 'ਤੇ ਇਕ ਬਿਆਨ ਵਿਚ ਕਿਹਾ ਕਿ ਵੈਸਟ ਚੈਸਟਰ ਪੁਲਿਸ ਨੇ ਉਨ੍ਹਾਂ ਨੂੰ ਦਸਿਆ ਸੀ ਕਿ ਗੁਰਪ੍ਰੀਤ ਸਿੰਘ ਇਕ ਸਥਾਨਕ ਘਰ ਵਿਚ ਰਹਿ ਰਿਹਾ ਹੈ। ਘਰ ਤੋਂ ਨਿਕਲਣ ਦੇ  ਤੁਰਤ ਬਾਅਦ ਮੰਗਲਵਾਰ ਨੂੰ ਦੁਪਹਿਰ ਦੋ ਵਜੇ ਵਾਲ ਮਾਰਟ ਪਾਰਕਿੰਗ 'ਚ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ।