ਜਾਣੋ ਕਿਉਂ ਆਸਟ੍ਰੇਲੀਆ 'ਚ ਮਸੀਹਾ ਬਣਿਆ ਸਿੱਖ ਜੋੜਾ, ਪੜ੍ਹੋ ਪੂਰੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਵਿਕਟੋਰੀਆ ਦੇ ਕੰਵਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਲੋਂ ਚਲਾਏ ਜਾ ਰਹੇ ਰੈਸਟੋਰੈਂਟ 'ਚ ਸੈਂਕੜੇ ਲੋਕਾਂ ਲਈ ਮੁਫ਼ਤ ਭੋਜਨ ਬਣ ਰਿਹਾ ਹੈ।

Pic

ਪਰਥ (ਪਿਆਰਾ ਸਿੰਘ ਪਰਥ) : ਪਿਛਲੇ ਕਈ ਦਿਨ ਤੋਂ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਜੰਗਲੀ ਇਲਾਕਿਆਂ ਵਿਚ ਅੱਗ ਲੱਗੀ ਹੋਈ ਹੈ। ਹਜ਼ਾਰਾਂ ਲੋਕ ਅਤੇ ਜਾਨਵਰ ਇਸ ਅੱਗ ਦੀ ਲੇਪਟ ਵਿਚ ਆ ਗਏ ਹਨ। ਇਨ੍ਹਾਂ ਜੰਗਲਾਂ ਵਿਚ ਬਚਾਅ ਕਾਰਜ ਜੰਗੀ ਪੱਧਰ 'ਤੇ ਚਲ ਰਹੇ ਹਨ। ਅੱਗ ਨੂੰ ਕਾਬੂ ਕਰਨ ਲਈ ਫ਼ੌਜ ਦੇ ਨਾਲ ਨਾਲ ਕਈ ਸਮਾਜਕ ਸੰਸਥਾਵਾਂ ਵੀ ਯੋਗਦਾਨ ਪਾ ਰਹੀਆਂ ਹਨ।

ਇਸ ਮੁਹਿੰਮ 'ਚ ਵਿਕਟੋਰੀਆ ਦੇ ਕੰਵਲਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵਲੋਂ ਚਲਾਏ ਜਾ ਰਹੇ ਰੈਸਟੋਰੈਂਟ 'ਚ ਸੈਂਕੜੇ ਲੋਕਾਂ ਲਈ ਮੁਫ਼ਤ ਭੋਜਨ ਬਣ ਰਿਹਾ ਹੈ। ਇਹ ਜੋੜਾ ਅਤੇ ਇਨ੍ਹਾਂ ਦਾ ਸਟਾਫ਼ ਕੜ੍ਹੀ-ਚਾਵਲ ਤੇ ਹੋਰ ਖਾਣ ਵਾਲੀਆਂ ਚੀਜ਼ਾਂ ਬਣਾ ਕੇ ਪੀੜਤਾਂ ਨੂੰ ਭੇਜ ਰਹੇ ਹਨ, ਮੈਲਬੌਰਨ ਦੇ 'ਚੈਰਿਟੀ ਸਿੱਖ ਵਲੰਟੀਅਰ ਆਸਟ੍ਰੇਲੀਆ' ਵਲੋਂ ਇਹ ਭੋਜਨ ਉਨ੍ਹਾਂ ਤਕ ਪਹੁੰਚਾਇਆ ਜਾ ਰਿਹਾ ਹੈ, ਜੋ ਕੱਚੇ ਘਰਾਂ 'ਚ ਰਹਿ ਰਹੇ ਹਨ।

ਜ਼ਿਕਰਯੋਗ ਹੈ ਕਿ ਥਾਂ-ਥਾਂ 'ਤੇ ਸਿੱਖਾਂ ਦੇ ਵੱਖ-ਵੱਖ ਗਰੁੱਪਾਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਹ ਫ਼ਾਇਰ ਫ਼ਾਈਟਰਜ਼ ਨੂੰ ਵੀ ਭੋਜਨ ਤੇ ਹੋਰ ਰਸਦ ਭੇਜ ਰਹੇ ਹਨ। ਭਾਈਚਾਰੇ ਵਲੋਂ ਦਿਤੀ ਜਾ ਰਹੀ ਮਦਦ 'ਤੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊ ਨੇ ਉਨ੍ਹਾਂ ਦੀ ਸਿਫ਼ਤ ਕੀਤੀ  ਅਤੇ ਉਨ੍ਹਾਂ ਦਾ ਧਨਵਾਦ ਕੀਤਾ ਹੈ।

ਵਿਕਟੋਰੀਆ ਦੇ ਸਿੱਖ ਜੋੜੇ ਨੇ ਦਸਿਆ ਕਿ ਉਹ ਲਗਭਗ 6 ਸਾਲਾਂ ਤੋਂ ਇਸ ਇਲਾਕੇ 'ਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋੜਵੰਦਾਂ ਦੀ ਮਦਦ ਕਰਨਾ ਉਹ ਅਪਣਾ ਫ਼ਰਜ਼ ਸਮਝਦੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖੀ ਦੇ ਸਿਧਾਤਾਂ ਨੂੰ ਮੰਨਦੇ ਹਨ ਤੇ ਪ੍ਰਭਾਵਤ ਲੋਕਾਂ ਦੀ ਮਦਦ ਕਰ ਕੇ ਪੁੰਨ ਖੱਟ ਰਹੇ ਹਨ। ਉਹ ਇਕ ਦਿਨ 'ਚ 1000 ਲੋਕਾਂ ਲਈ ਖਾਣਾ ਬਣਾਉਣ ਦੀ ਸਮਰੱਥਾ ਰੱਖਦੇ ਹਨ।

ਉਨ੍ਹਾਂ ਕੋਲ ਅਗਲੇ ਹਫ਼ਤੇ ਤਕ ਬਣਾਉਣ ਲਈ ਚਾਵਲ, ਦਾਲਾਂ ਤੇ ਆਟਾ ਹੈ, ਜਿਸ ਨਾਲ ਉਹ ਲੋੜਵੰਦਾਂ ਦਾ ਢਿੱਡ ਭਰ ਸਕਦੇ ਹਨ। ਜ਼ਿਕਰਯੋਗ ਹੈ ਕਿ ਜੰਗਲੀ ਅੱਗ ਕਾਰਨ ਵਿਕਟੋਰੀਆ ਤੇ ਨਿਊ ਸਾਊਥ ਵੇਲਜ਼ 'ਚ ਸਤੰਬਰ ਤੋਂ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਅਜੇ ਹੋਰ ਕਈ ਲੋਕ ਲਾਪਤਾ ਹਨ।