ਬ੍ਰਿਟਿਸ਼ ਕੋਲੰਬੀਆ ਦਾ ਗੁਰਦੁਆਰਾ ਵੇਚ ਕੇ ਮਿਲੀ ਰਾਸ਼ੀ ਨੂੰ ਕੀਤਾ ਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਲੀਅਰ ਵਾਟਰ ਸ਼ਹਿਰ ਵਿਚ ਘੱਟ ਗਿਣਤੀ ਵਿਚ ਵਸ ਰਹੇ ਸਿੱਖ ਭਾਈਚਾਰੇ ਨੇ ਇਕ ਗੁਰਦੁਆਰੇ ਨੂੰ ਵੇਚ ਕੇ ਹਾਸਿਲ ਹੋਈ ਰਾਸ਼ੀ ਨੂੰ ਦਾਨ ਕਰ ਦਿੱਤਾ।

Guru Tegh Bahadur Sikh Temple in Clearwater

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਕਲੀਅਰ ਵਾਟਰ ਸ਼ਹਿਰ ਵਿਚ ਘੱਟ ਗਿਣਤੀ ਵਿਚ ਵਸ ਰਹੇ ਸਿੱਖ ਭਾਈਚਾਰੇ ਵੱਲੋਂ ਇਕ ਗੁਰਦੁਆਰੇ ਨੂੰ ਵੇਚ ਕੇ ਹਾਸਿਲ ਕੀਤੇ 1,64000 ਡਾਲਰ ਸਥਾਨਕ ਦਾਨ ਸੰਸਥਾਵਾਂ ਨੂੰ ਦੇਣ ਦੀ ਖਬਰ ਸਾਹਮਣੇ ਆਈ ਹੈ।

ਕਲੀਅਰ ਵਾਟਰ ਵਿਚ ਸਥਿਤ ਗੁਰੂ ਤੇਗ ਬਹਾਦਰ ਗੁਰਦੁਆਰੇ ਪ੍ਰਧਾਨ ਨਰਿੰਦਰ ਸਿੰਘ ਹੀਰ ਨੇ ਕਿਹਾ ਕਿ ਕਈ ਸਾਲ ਪਹਿਲਾਂ 1985 ਵਿਚ ਜਦੋਂ ਇਹ ਗੁਰਦੁਆਰਾ ਬਣਿਆ ਸੀ ਤਾਂ ਉਸ ਸਮੇਂ ਇਸ ਇਲਾਕੇ ਵਿਚ 55 ਸਿੱਖ ਪਰਿਵਾਰ ਰਹਿੰਦੇ ਸਨ, ਪਰ ਮੌਜੂਦਾ ਸਮੇਂ ਵਿਚ ਇਥੇ ਸਿਰਫ 5 ਸਿੱਖ ਪਰਿਵਾਰ ਹੀ ਰਹਿ ਗਏ ਹਨ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਜ਼ਿਆਦਾਤਰ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਰੁਜ਼ਗਾਰ ਲਈ ਵੱਡਿਆਂ ਸ਼ਹਿਰਾਂ ਵਿਚ ਜਾ ਵਸੇ ਹਨ।

ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਇਸ ਗੁਰਦੁਆਰੇ ਦੀ ਦੇਖ-ਰੇਖ ਅਸੀਂ ਪੰਜ ਮੈਂਬਰ ਕਰ ਰਹੇ ਹਾਂ, ਉਹਨਾਂ ਨੇ ਆਪਸ ਵਿਚ ਸਲਾਹ ਕਰਕੇ ਇਹ ਫੈਸਲਾ ਲਿਆ ਹੈ ਕਿ ਪੰਜ ਮੈਂਬਰ ਗੁਰਦੁਆਰੇ ਦਾ ਪ੍ਰਬੰਧ ਨਹੀਂ ਚਲਾ ਸਕਦੇ। ਉਹਨਾਂ ਕਿਹਾ ਕਿ 400 ਲੋਕਾਂ ਦੀ ਸਮਰੱਥਾ ਰੱਖਣ ਵਾਲੀ ਗੁਰਦੁਆਰੇ ਦੀ ਇਮਾਰਤ ਨੂੰ 1,80,000 ਡਾਲਰ ਵਿਚ ਸਥਾਨਕ ਲੋਕਾਂ ਨੂੰ ਵੇਚ ਦਿੱਤਾ ਗਿਆ। ਭਾਈਚਾਰੇ ਵੱਲੋਂ ਬਚਾਅ ਕੇ ਰੱਖੇ ਗਏ ਹੋਰ 4,000 ਡਾਲਰ ਵੀ ਦਾਨ ਕਰ ਦਿੱਤੇ ਗਏ ਹਨ। ਉਹਨਾਂ ਨੇ 10,000 ਡਾਲਰ ਕਮਲੂਪਸ ਵਿਚ ਸਥਿਤ ਦੋ ਵੱਖ-ਵੱਖ ਗੁਰਦੁਆਰਿਆਂ ਅਤੇ ਬਾਕੀ 19 ਸਥਾਨਕ ਦਾਨ ਸੰਸਥਾਵਾਂ ਨੂੰ ਦਾਨ ਕੀਤੇ।

ਕਲੀਅਰ ਵਾਟਰ ਦੇ ਮੇਅਰ ਮਰਲਿਨ ਬਲੈਕਵੈਲ ਦਾ ਕਹਿਣਾ ਹੈ ਕਿ ਗੁਰਦੁਆਰੇ ਦੇ ਮੈਂਬਰਾਂ ਵੱਲੋਂ ਦਾਨ ਕੀਤੀ ਰਾਸ਼ੀ, ਕਈ ਸਥਾਨਕ ਸਮਾਜ ਸੇਵੀ ਸੰਸਥਾਵਾਂ ਲਈ ਸਹਾਇਕ ਸਿੱਧ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਦਾਨ ਬਾਰੇ ਮਹੀਨਾ ਪਹਿਲਾਂ ਹੀ ਪਤਾ ਸੀ, ਪਰ ਉਹਨਾਂ ਨੇ ਇਸ ਨੂੰ ਗੁਪਤ ਰੱਖਿਆ।

ਉਹਨਾਂ ਕਿਹਾ ਕਿ ਨਰਿੰਗਰ ਸਿੰਘ ਹੀਰ ਨਾਲ ਸਾਡੀ ਮੁਲਾਕਾਤ ਹੋਈ, ਉਹਨਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਚੈੱਕ ਅਤੇ ਕਮਰੇ ਸਾਨੂੰ ਸੰਭਾਲੇ। ਬਲੈਕਵੈਲ ਨੇ ਕਿਹਾ ਕਿ ਕਲੀਅਰ ਵਾਟਰ ਵਿਚ ਸਿੱਖਾਂ ਦੀ ਘਟ ਰਹੀ ਗਿਣਤੀ ਕਾਰਨ ਉਹ ਬਹੁਤ ਦੁਖੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸਿੱਖ ਭਾਈਚਾਰਾ ਕਲੀਅਰ ਵਾਰਟਰ ਵਿਚ ਆ ਕੇ ਵਸੇਗਾ ਤਾਂ ਉਹ 1000 ਡਾਲਰ ਨਵੇਂ ਗੁਰਦੁਆਰੇ ਦੀ ਉਸਾਰੀ ਲਈ ਦੇਣਗੇ।