ਕੈਨੇਡਾ ਦੀ ਫੌਜ ਨੂੰ ਕਮਾਂਡ ਕਰਨ ਵਾਲਾ ਪਹਿਲਾ ਕੈਨੇਡੀਅਨ ਸਿੱਖ ਹਰਜੀਤ ਸਿੰਘ ਸੱਜਣ
ਹਰਜੀਤ ਸਿੰਘ ਸੱਜਣ ਇਕ ਕੈਨੇਡੀਅਨ ਲਿਬਰਲ ਸਿਆਸਤਦਾਨ, ਮੌਜੂਦਾ ਕੈਨੇਡਾ ਦੀ ਸਰਕਾਰ ਵਿਚ ਰੱਖਿਆ ਮੰਤਰੀ ਅਤੇ ਸਾਂਸਦ ਹਨ।
ਹਰਜੀਤ ਸਿੰਘ ਸੱਜਣ ਇਕ ਕੈਨੇਡੀਅਨ ਲਿਬਰਲ ਸਿਆਸਤਦਾਨ, ਮੌਜੂਦਾ ਕੈਨੇਡਾ ਦੀ ਸਰਕਾਰ ਵਿਚ ਰੱਖਿਆ ਮੰਤਰੀ ਅਤੇ ਸਾਂਸਦ ਹਨ। ਉਹ ਵਿਦੇਸ਼ ਵਿਚ ਸੇਵਾ ਨਿਭਾਅ ਰਹੇ ਪਹਿਲੇ ਪੰਜਾਬੀ ਸਿੱਖ ਰੱਖਿਆ ਮੰਤਰੀ ਹਨ।
ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹਨਾਂ ਨੇ ਵੈਨਕੂਵਰ ਪੁਲਿਸ ਵਿਭਾਗ ਵਿਚ ਗੈਂਗ ਨੂੰ ਫੜਨ ਵਾਲੇ ਜਾਸੂਸ ਵਜੋਂ ਸੇਵਾ ਨਿਭਾਈ ਅਤੇ ਉਹਨਾਂ ਨੇ ਅਫਗਾਨਿਸਤਾਨ ਵਿਚ ਵੀ ਰੇਜੀਮੈਂਟਲ ਕਮਾਂਡਰ ਵਜੋਂ ਵੀ ਸੇਵਾ ਨਿਭਾਈ। ਸੱਜਣ ਸਿੰਘ ਕੈਨੇਡਾ ਦੀ ਫੌਜ ਨੂੰ ਕਮਾਂਡ ਕਰਨ ਵਾਲਾ ਪਹਿਲਾ ਕੈਨੇਡੀਅਨ-ਸਿੱਖ ਸੀ।
ਸੱਜਣ ਸਿੰਘ ਦਾ ਮੁੱਢਲਾ ਜੀਵਨ
ਹਰਜੀਤ ਸਿੰਘ ਸੱਜਣ ਦਾ ਜਨਮ 6 ਸਤੰਬਰ 1970 ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੋਲੀ ਦੇ ਇਕ ਸਿੱਖ ਪਰਿਵਾਰ ਵਿਚ ਹੋਇਆ। ਸੱਜਣ ਸਿੰਘ ਦੇ ਪਿਤਾ ਕੁੰਦਨ ਸੱਜਣ ਪੰਜਾਬ ਪੁਲਿਸ ਵਿਭਾਗ ਵਿਚ ਹੈੱਡ ਕਾਂਸਟੇਬਲ ਸਨ ਅਤੇ ਮੌਜੂਦਾ ਸਮੇਂ ਵਿਚ ਉਹ ਵਿਸ਼ਵ ਸਿੱਖ ਸੰਸਥਾ (World Sikh Organisation) ਦੇ ਮੈਂਬਰ ਹਨ। 1976 ਵਿਚ ਪੰਜ ਸਾਲ ਦੀ ਉਮਰ ‘ਚ ਉਹ ਆਪਣੇ ਪਰਿਵਾਰ ਸਮੇਤ ਬ੍ਰਿਟਿਸ਼ ਕੋਲੰਬੀਆ ਆਪਣੇ ਪਿਤਾ ਕੋਲ ਚਲੇ ਗਏ।1996 ਵਿਚ ਹਰਜੀਤ ਸਿੰਘ ਦਾ ਵਿਆਹ ਇਕ ਫੈਮਿਲੀ ਡਾਕਟਰ ਕੁਲਜੀਤ ਕੌਰ ਨਾਲ ਹੋਇਆ ਅਤੇ ਉਹਨਾਂ ਦੇ ਇੱਕ ਪੁੱਤਰ ਅਤੇ ਇਕ ਧੀ ਵੀ ਹਨ। ਹਰਜੀਤ ਸਿੰਘ ਸ਼ੁਰੂ ਤੋਂ ਹੀ ਅੰਮ੍ਰਿਤਧਾਰੀ ਸਿੱਖ ਹਨ।
ਮਿਲਟਰੀ ਅਤੇ ਪੁਲਿਸ ਕੈਰੀਅਰ
1989 ਵਿਚ ਸੱਜਣ ਸਿੰਘ ਬ੍ਰਿਟਿਸ਼ ਕੋਲੰਬੀਆ ਰੈਜੀਮੈਂਟ ਵਿਚ ਇਕ ਟਰੂਪਰ ਵਜੋਂ ਭਰਤੀ ਹੋਏ। ਉਹਨਾਂ ਨੇ ਉਪ-ਕਰਨਲ ਦੇ ਤੌਰ ‘ਤੇ ਸੇਵਾ ਨਿਭਾਈ। ਕੈਰੀਅਰ ਦੌਰਾਨ ਉਹਨਾਂ ਨੂੰ ਚਾਰ ਵਾਰ ਵਿਦੇਸ਼ਾਂ ਵਿਚ ਤਾਇਨਾਤ ਕੀਤਾ ਗਿਆ, ਇਕ ਵਾਰ ਬੋਸਨੀਆ ਅਤੇ ਹਰਜ਼ੇਗੋਵੀਨਾ ਅਤੇ ਤਿੰਨ ਵਾਰ ਅਫਗਾਨਿਸਤਾਨ ਵਿਚ। ਉਹਨਾਂ ਨੇ ਲਗਭਗ 11 ਸਾਲ ਲਈ ਵੈਨਕੁਵਰ ਪੁਲਿਸ ਵਿਭਾਗ ਲਈ ਆਪਣੀ ਸੇਵਾ ਨਿਭਾਈ। ਹਰਜੀਤ ਸਿੰਘ ਦੀ ਅਫਗਾਨਿਸਤਾਨ ਵਿਚ ਪਹਿਲੀ ਵਾਰ ਤੈਨਾਤੀ 2006 ਦੌਰਾਨ ਹੋਈ ਸੀ। ਉਸ ਤੋਂ ਬਾਅਦ ਸੱਜਣ ਸਿੰਘ ਨੇ ਕੈਨੇਡੀਅਨ ਅਤੇ ਅਮਰੀਕੀ ਮਿਲਟਰੀ ਦੇ ਅਧਿਕਾਰੀਆਂ ਨੂੰ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਸਿਖਲਾਈ ਦਿੱਤੀ। ਉਹਨਾਂ ਨੇ ਅਮਰੀਕੀ ਨੀਤੀ ਅਤੇ ਅਫਗਾਨਿਸਤਾਨੀ ਮਾਹਿਰ ਬਾਰਨੈਟ ਰੂਬਿਨ ਨਾਲ ਸਲਾਹ ਮਸ਼ਵਰਾ ਕੀਤਾ ਅਤੇ ਉਸਦਾ ਸਹਿਯੋਗ ਦਿੱਤਾ। 2011 ਵਿਚ ਉਹ ਕੈਨੇਡੀਅਨ ਫੌਜ ਨੂੰ ਕਮਾਂਡ ਕਰਨ ਵਾਲੇ ਪਹਿਲੇ ਸਿੱਖ ਬਣੇ।
ਰਾਜਨੀਤਕ ਕੈਰੀਅਰ
ਸੱਜਣ ਸਿੰਘ ਨੂੰ ਪਹਿਲੀ ਵਾਰ 2015 ਦੀ ਫੈਡਰਲ ਚੋਣ ਵਿਚ ਚੁਣਿਆ ਗਿਆ। ਉਹਨਾਂ ਨੇ ਉਸ ਸਮੇਂ ਦੇ ਕੰਜ਼ਰਵੇਟਿਵ ਸੰਸਦ ਵੇਈ ਯੰਗ ਨੂੰ ਹਰਾਇਆ ਸੀ ਅਤੇ 4 ਨਵੰਬਰ 2015 ਨੂੰ ਉਹਨਾਂ ਨੇ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਰੱਖਿਆ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਪੰਜਾਬੀ ਹਨ। 12 ਫਰਵਰੀ 2019 ਵਿਚ ਉਹਨਾਂ ਨੂੰ ਵੈਟਰਨਜ਼ ਅਫੇਅਰ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ। ਕਥਿਤ ਤੌਰ ‘ਤੇ ਉਹਨਾਂ ਦੇ ਸਬੰਧ ਖਾਲਿਸਤਾਨੀ ਲਹਿਰ ਨਾਲ ਹੋਣ ਕਾਰਨ ਸੱਜਣ ਸਿੰਘ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਕੂਟਨੀਤਕ ਤਨਾਅ ਵੀ ਦੇਖਣ ਨੂੰ ਮਿਲੇ।
ਹਰਜੀਤ ਸਿੰਘ ਸੱਜਣ ਦੀਆਂ ਪ੍ਰਾਪਤੀਆਂ
ਹਰਜੀਤ ਸਿੰਘ ਸੱਜਣ ਨੂੰ ਉਹਨਾਂ ਦੀ ਬਹਾਦਰੀ ਅਤੇ ਵਫਾਦਾਰੀ ਲਈ 2013 ਵਿਚ ਕੰਧਾਰ ਤਾਲਿਬਾਨ ਖ਼ਿਲਾਫ ਭੂਮਿਕਾ ਨਿਭਾਉਣ ਲਈ ਮੈਰੀਟੋਰੀਅਸ ਸਰਵਿਸ ਮੈਡਲ ਮਿਲਿਆ। ਇਸ ਦੇ ਨਾਲ ਹੀ ਉਹਨਾਂ ਨੂੰ ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਅਵਾਰਡ ਆਦਿ ਨਾਲ ਵੀ ਸਨਮਾਨਿਤ ਕੀਤਾ ਗਿਆ।